ਮੋਗਾ: ਪਿਛਲੇ ਦਿਨੀਂ ਮੋਗਾ ਜ਼ਿਲਾ ਦੇ ਕਸਬਾ ਧਰਮਕੋਟ ਦੇ ਪਿੰਡ ਮਾਹਲ ਵਿਖੇ ਪੰਜ ਬਦਮਾਸ਼ਾਂ ਵੱਲੋਂ ਇੱਕ ਕੀਆ ਕਾਰ ਦੀ ਲੁੱਟ ਕੀਤੀ ਗਈ ਸੀ ਅਤੇ ਉਸੇ ਦਿਨ ਮੁਦਕੀ ਕੋਲੋਂ ਇੱਕ ਆੜਤੀ ਤੋਂ ਤਿੰਨ ਲੱਖ ਰੁਪਏ ਦੀ ਲੁੱਟ ਕੀਤੀ ਅਤੇ ਉਸ ਤੋਂ 10 ਦਿਨ ਪਹਿਲਾਂ ਇੱਕ ਪੈਟਰੋਲ ਪੰਪ ਤੋਂ 10 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅੱਜ ਇਨ੍ਹਾਂ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਨ੍ਹਾਂ ਪੰਜ ਬਦਮਾਸ਼ਾਂ ਨੇ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ, ਤਾਂ ਦੋ ਬਦਮਾਸ਼ ਜ਼ਖਮੀ ਹੋ ਗਏ ਅਤੇ ਜਖਮੀਆਂ ਸਣੇ ਤਿੰਨ ਮੁਲਜ਼ਮ ਮੌਕੇ ਉੱਤੇ ਕੀਤੇ ਗ੍ਰਿਫਤਾਰ ਕੀਤੇ ਗਏ। ਇੱਕ ਬਦਮਾਸ਼ ਦੇ ਪੱਟ ਵਿੱਚ ਗੋਲੀ ਲੱਗੀ ਤੇ ਦੂਜੇ ਦੀ ਲੱਤ ਉੱਤੇ ਗੋਲੀ ਲੱਗੀ ਹੈ। ਦੋਨਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ।
ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ ਮੁਲਜ਼ਮ
ਇਸ ਮੌਕੇ ਉੱਤੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਬਦਮਾਸ਼ਾਂ ਵੱਲੋਂ ਮੋਗਾ ਜ਼ਿਲ੍ਹਾ ਵਿੱਚ ਲੁੱਟਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਨੂੰ ਇਨ੍ਹਾਂ ਬਾਰੇ ਸੂਚਨਾ ਮਿਲੀ ਸੀ ਕਿ ਇਹ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ।
5 ਚੋਂ 3 ਮੁਲਜ਼ਮ ਕਾਬੂ, 2 ਮੁਲਜ਼ਮ ਜਖ਼ਮੀ
ਜਾਣਕਾਰੀ ਮਿਲਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਮੋਗਾ ਅਤੇ ਧਰਮਕੋਟ ਪੁਲਿਸ ਵੱਲੋਂ ਇਨਾਂ ਬਦਮਾਸ਼ਾਂ ਨੂੰ ਫੜਨ ਲਈ ਵਿਉਂਤਬੰਦੀ ਬਣਾਈ ਗਈ। ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਸੀਆਈਏ ਸਟਾਫ ਮੋਗਾ ਵਲੋਂ ਮਿਲੀ ਜਾਣਕਾਰੀ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਗ੍ਰਿਫਤਾਰ ਕਰਨ ਪਹੁੰਚੀ ਤਾਂ, ਉਨ੍ਹਾਂ ਵਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਗੱਡੀ ਵਿੱਚ 5 ਮੁਲਜ਼ਮ ਮੌਜੂਦ ਸੀ, ਜਿਨ੍ਹਾਂ ਚੋਂ 3 ਗ੍ਰਿਫਤਾਰ ਕਰ ਲਏ ਗਏ। ਬਾਕੀ 2 ਮੁਲਜ਼ਮ ਫ਼ਰਾਰ ਹੋ ਗਏ। 2 ਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੱਕ ਹੋਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਮੁਲਜ਼ਮਾਂ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਅਤੇ ਬਣਦੀ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।