ਤਰਨ ਤਰਨ : ਜ਼ਿਲ੍ਹਾ ਤਰਨ ਤਰਨ ਅਧੀਨ ਆਉਂਦੇ ਪਿੰਡ ਸਭਰਾ ਵਿਖੇ ਘਰ ਵਿੱਚ ਖੁਸ਼ੀ ਮੌਕੇ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੌਰਾਨ ਅਚਾਨਕ ਘਰ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ। ਇਸ ਹਾਦਸੇ ਦੌਰਾਨ ਕਈ ਲੋਕ ਮਲਬੇ ਹੇਠਾਂ ਦੱਬੇ ਗਏ ਅਤੇ ਕਈ ਲੋਕ ਜਖ਼ਮੀ ਹੋ ਗਏ। ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਭੇਜਿਆ ਗਿਆ ਹੈ।
ਬਾਲਿਆਂ ਦੀ ਡਿੱਗੀ ਛੱਤ, ਪੈ ਰਿਹਾ ਸੀ ਅਖੰਡ ਪਾਠ ਸਾਹਿਬ ਦਾ ਭੋਗ
ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ, "ਲਵਪ੍ਰੀਤ ਸਿੰਘ ਉਰਫ਼ ਲਵਲੀ ਵੱਲੋਂ ਘਰ ਵਿੱਚ ਖੁਸ਼ੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ ਜਿਸ ਦਾ ਅੱਜ (ਐਤਵਾਰ) ਭੋਗ ਪੈ ਰਿਹਾ ਸੀ।ਛੱਤ ਉੱਤੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਲਿਆਂ ਵਾਲੀ ਛੱਤ ਹੇਠਾਂ ਡਿੱਗ ਗਈ। ਛੱਤ ਡਿੱਗਣ ਕਰਕੇ ਹੇਠਾਂ ਬੈਠੀ ਸੰਗਤ ਮਲਬੇ ਹੇਠ ਦੱਬ ਗਈ। ਕੁਝ ਲੋਕਾਂ ਦੀਆਂ ਲੱਤਾਂ-ਬਾਹਾਂ ਵੀ ਟੁੱਟ ਗਈਆਂ ਹਨ। ਮਲਬੇ ਹੇਠ ਆਈ ਸੰਗਤ ਵਿੱਚ ਮਰਦਾਂ ਸਣੇ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।"
ਹੋਰ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ
ਫਿਲਹਾਲ ਮਲਬੇ ਹੇਠ ਆਏ ਲੋਕਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਜਾ ਰਿਹਾ ਹੈ। ਫਿਲਹਾਲ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਨਹੀਂ ਹੋ ਸਕੀ, ਕਿਉਂਕਿ ਘਟਨਾ ਸਮੇਂ ਉੱਥੇ ਕਾਫੀ ਸੰਗਤ ਮੌਜੂਦ ਸੀ, ਕਿ ਅਚਾਨਕ ਖੁਸ਼ੀ ਮੌਕੇ ਇਹ ਮੰਦਭਾਗਾ ਹਾਦਸਾ ਵਾਪਰ ਗਿਆ।
ਪਿੰਡ ਵਾਸੀਆਂ ਨੇ ਸਬੰਧਿਤ ਟੀਮਾਂ ਨੂੰ ਵੀ ਸੂਚਨਾ ਦੇ ਦਿੱਤੀ ਹੈ ਅਤੇ ਸਥਾਨਕ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਲਦ ਸਾਰੇ ਘਟਨਾ ਵਾਲੀ ਥਾਂ ਉੱਤੇ ਮਦਦ ਲਈ ਪਹੁੰਚਣ। ਖ਼ਬਰ ਲਿਖੇ ਜਾਣ ਤੱਕ ਰਾਹਤ ਕਾਰਜ ਜਾਰੀ ਹਨ।