ਤਿਰੂਪਤੀ/ਆਂਧਰਾ ਪ੍ਰਦੇਸ਼: ਸੀਬੀਆਈ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਮਸ਼ਹੂਰ ਤਿਰੂਪਤੀ ਲੱਡੂ, ਜੋ ਕਿ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਦਿੱਤਾ ਜਾਂਦਾ ਹੈ, ਵਿੱਚ ਕਥਿਤ ਮਿਲਾਵਟ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਭੋਲੇ ਬਾਬਾ ਡੇਅਰੀ ਦੇ ਸਾਬਕਾ ਡਾਇਰੈਕਟਰ ਵਿਪਿਨ ਜੈਨ ਅਤੇ ਪੋਮਿਲ ਜੈਨ, ਵੈਸ਼ਨਵੀ ਡੇਅਰੀ ਦੇ ਅਪੂਰਵਾ ਚਾਵੜਾ ਅਤੇ ਏ.ਆਰ.ਡੇਅਰੀ ਦੇ ਰਾਜੂ ਰਾਜਸੇਕਰਨ ਵਜੋਂ ਹੋਈ ਹੈ।
ਇਕ ਅਧਿਕਾਰੀ ਨੇ ਐਤਵਾਰ ਦੇਰ ਰਾਤ ਪੀਟੀਆਈ ਨੂੰ ਦੱਸਿਆ, 'ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਵਿਅਕਤੀ (ਵਿਪਿਨ ਜੈਨ ਅਤੇ ਪੋਮੀ ਜੈਨ) ਭੋਲੇ ਬਾਬਾ ਡੇਅਰੀ ਨਾਲ ਸਬੰਧਤ ਹਨ, ਅਪੂਰਵਾ ਚਾਵੜਾ ਵੈਸ਼ਨਵੀ ਡੇਅਰੀ ਨਾਲ ਸਬੰਧਤ ਹਨ ਅਤੇ (ਰਾਜੂ) ਰਾਜਸੇਕਰਨ ਏ.ਆਰ. ਡੇਅਰੀ ਨਾਲ ਸਬੰਧਤ ਹਨ।'
ਟੈਂਡਰ ਪ੍ਰਕਿਰਿਆ ਵਿੱਚ ਹੇਰਾਫੇਰੀ ਦਾ ਵੀ ਮਾਮਲਾ
ਸੂਤਰਾਂ ਅਨੁਸਾਰ ਐਸਆਈਟੀ ਦੀ ਜਾਂਚ ਵਿੱਚ ਘਿਓ ਸਪਲਾਈ ਦੇ ਹਰ ਪੜਾਅ ’ਤੇ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ ਹਨ। ਇਸ ਕਾਰਨ ਗ੍ਰਿਫਤਾਰੀਆਂ ਹੋਈਆਂ। ਉਸ ਨੇ ਦਾਅਵਾ ਕੀਤਾ ਕਿ ਵੈਸ਼ਨਵੀ ਡੇਅਰੀ ਦੇ ਅਧਿਕਾਰੀਆਂ ਨੇ ਮੰਦਰ ਨੂੰ ਘਿਓ ਸਪਲਾਈ ਕਰਨ ਲਈ ਏ.ਆਰ. ਡੇਅਰੀ ਦੇ ਨਾਂ 'ਤੇ ਟੈਂਡਰ ਹਾਸਲ ਕੀਤੇ ਅਤੇ ਟੈਂਡਰ ਪ੍ਰਕਿਰਿਆ ਵਿਚ ਹੇਰਾਫੇਰੀ ਕਰਨ ਲਈ ਜਾਅਲੀ ਰਿਕਾਰਡ ਤਿਆਰ ਕਰਨ ਵਿਚ ਵੀ ਸ਼ਾਮਲ ਸਨ।
ਲੱਡੂ ਬਣਾਉਣ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਕਥਿਤ ਇਲਜ਼ਾਮ
ਸੂਤਰਾਂ ਨੇ ਦੱਸਿਆ ਕਿ ਐਸਆਈਟੀ ਨੇ ਖੁਲਾਸਾ ਕੀਤਾ ਕਿ ਵੈਸ਼ਨਵੀ ਡੇਅਰੀ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਨੇ ਭੋਲੇ ਬਾਬਾ ਡੇਅਰੀ ਤੋਂ ਘਿਓ ਖਰੀਦਿਆ ਸੀ, ਜਦਕਿ ਅਧਿਕਾਰੀਆਂ ਨੇ ਪਾਇਆ ਕਿ ਡੇਅਰੀ ਕੋਲ ਮੰਦਰ ਬੋਰਡ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੀ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ਨਹੀਂ ਸੀ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਤਿਰੂਪਤੀ ਲੱਡੂ ਬਣਾਉਣ 'ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਇਲਜ਼ਾਮਾਂ ਦੀ ਜਾਂਚ ਲਈ ਪਿਛਲੇ ਸਾਲ ਨਵੰਬਰ 'ਚ ਪੰਜ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਟੀਮ ਵਿੱਚ ਕੇਂਦਰੀ ਏਜੰਸੀ ਦੇ ਦੋ ਅਧਿਕਾਰੀ, ਆਂਧਰਾ ਪ੍ਰਦੇਸ਼ ਪੁਲਿਸ ਦੇ ਦੋ ਅਧਿਕਾਰੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਦਾ ਇੱਕ ਅਧਿਕਾਰੀ ਸ਼ਾਮਲ ਹੈ। ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਅਤੇ ਵਾਈਐਸਆਰਸੀਪੀ ਦੇ ਰਾਜ ਸਭਾ ਮੈਂਬਰ ਵਾਈਵੀ ਸੁੱਬਾ ਰੈਡੀ ਅਤੇ ਹੋਰਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਤੋਂ ਬਾਅਦ, ਸੁਪਰੀਮ ਕੋਰਟ ਨੇ 4 ਅਕਤੂਬਰ ਦੇ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਲੱਡੂ ਬਣਾਉਣ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਦੇ ਇਲਜ਼ਾਮਾਂ ਦੀ ਜਾਂਚ SIT ਕਰੇਗੀ।
ਐਨ ਚੰਦਰਬਾਬੂ ਨਾਇਡੂ ਸਰਕਾਰ ਵਲੋਂ ਘਪਲੇ ਦਾ ਕੀਤਾ ਗਿਆ ਦਾਅਵਾ
ਇਸ ਦੀ ਨਿਗਰਾਨੀ ਸੀਬੀਆਈ ਡਾਇਰੈਕਟਰ ਕਰਨਗੇ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸਤੰਬਰ ਵਿੱਚ ਦਾਅਵਾ ਕੀਤਾ ਸੀ ਕਿ ਰਾਜ ਵਿੱਚ ਪਿਛਲੀ ਵਾਈਐਸ ਜਗਨ ਮੋਹਨ ਰੈੱਡੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਤਿਰੂਪਤੀ ਲੱਡੂ ਬਣਾਉਣ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਇੱਕ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ।
2024 ਵਿੱਚ ਦੱਖਣੀ ਰਾਜ ਵਿੱਚ ਐਨਡੀਏ ਵਿਧਾਇਕ ਦਲ ਦੀ ਮੀਟਿੰਗ ਦੌਰਾਨ, ਨਾਇਡੂ ਨੇ ਇਲਜ਼ਾਮ ਲਾਇਆ ਕਿ ਪਿਛਲੀ ਵਾਈਐਸਆਰਸੀਪੀ ਸਰਕਾਰ ਨੇ ਸ੍ਰੀ ਵੈਂਕਟੇਸ਼ਵਰ ਮੰਦਰ ਨੂੰ ਵੀ ਨਹੀਂ ਬਖਸ਼ਿਆ ਅਤੇ ਲੱਡੂ ਬਣਾਉਣ ਲਈ ਘਟੀਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ। ਇਨ੍ਹਾਂ ਇਲਜ਼ਾਮਾਂ ਨੇ ਦੇਸ਼ ਭਰ ਵਿੱਚ ਭਾਰੀ ਵਿਵਾਦ ਪੈਦਾ ਕਰ ਦਿੱਤਾ ਸੀ।