ਤਰਨਤਾਰਨ: ਖਾਲੜਾ ਪੁਲਿਸ ਨੇ ਦੋ ਫ਼ਰਜ਼ੀ ਪੁਲਿਸ ਮੁਲਾਜ਼ਮਾਂ ਨੂੰ ਚੋਰੀ ਦੀ ਸਵਿਫਟ ਕਾਰ, 32 ਬੋਰ ਪਿਸਟਲ ਅਤੇ ਰੌਂਦਾ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਫੌਜੀ ਪੁੱਤਰ ਜਗੀਰ ਸਿੰਘ ਵਾਸੀ ਨਾਰਲੀ ਅਤੇ ਹਰਵਿੰਦਰ ਸਿੰਘ ਪੁੱਤਰ ਮਨਧੀਰ ਸਿੰਘ ਵਾਸੀ ਧਨੌਲਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੱਤ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।
ਭੋਲੇ-ਭਾਲੇ ਲੋਕਾਂ ਨਾਲ ਮਾਰੀਆਂ ਠੱਗੀਆਂ
ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਸਾਂਝੀ ਕੀਤੀ ਜਾਣਕਾਰੀ 'ਚ ਡੀਐੱਸਪੀ ਭਿੱਖੀਵਿੰਡ ਨਿਰਮਲ ਸਿੰਘ ਨੇ ਦੱਸਿਆ ਕਿ,' ਗਸ਼ਤ ਦੌਰਾਨ ਪੁਲਿਸ ਪਾਰਟੀ ਪਿੰਡ ਡੱਲ 'ਚ ਮੌਜੂਦ ਸੀ। ਉਸੇ ਸਮੇਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਵਿੰਦਰ ਸਿੰਘ ਉਰਫ਼ ਫੌਜੀ ਅਤੇ ਹਰਵਿੰਦਰ ਸਿੰਘ ਨਾਮ ਦੇ ਨੌਜਵਾਨ ਜੋ ਗੱਡੀਆਂ ਚੋਰੀ ਕਰਨ ਮਗਰੋਂ ਨੰਬਰ ਪਲੇਟਾਂ ਬਦਲ ਕੇ ਪੁਲਿਸ ਦੀ ਵਰਦੀ ਪਾਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਚਿੱਟੇ ਰੰਗ ਦੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਖਾਲੜੇ ਵਾਲੇ ਪਾਸਿਓਂ ਆ ਰਹੇ ਹਨ। ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਪੁਲਿਸ ਪਾਰਟੀ ਨੂੰ ਚਿੱਟੇ ਰੰਗ ਦੀ ਸਵਿਫਟ ਕਾਰ ਖਾਲੜੇ ਵਾਲੇ ਪਾਸਿਓਂ ਆਉਂਦੀ ਦਿਖੀ। ਹਨ੍ਹੇਰਾ ਹੋਣ ਕਾਰਨ ਜਦੋਂ ਪੁਲਿਸ ਪਾਰਟੀ ਨੇ ਕਾਰ ਨੂੰ ਟਾਰਚ ਨਾਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਗੱਡੀ ਭਜਾਉਣੀ ਸ਼ੁਰੂ ਕਰ ਦਿੱਤੀ। ਜਦੋਂ ਅਚਾਨਕ ਗੱਡੀ ਬੰਦ ਹੋ ਗਈ ਤਾਂ ਪੁਲਿਸ ਪਾਰਟੀ ਨੇ ਕਾਰ ਚਾਲਕ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ।'
ਡੀਐੱਸਪੀ ਭਿੱਖੀਵਿੰਡ ਨਿਰਮਲ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਮੌਜੂਦ ਸਨ। ਜਦੋਂ ਨੌਜਵਾਨਾਂ ਨੂੰ ਵਰਦੀਆਂ ਸਬੰਧੀ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਪਰ ਜਦੋਂ ਦੋਵੇਂ ਪਛਾਣ ਪੱਤਰ ਪੇਸ਼ ਨਾ ਕਰ ਸਕੇ ਤਾਂ ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਦੀਆਂ ਫੋਟੋਆਂ ਖਿੱਚ ਕੇ ਪੀਏਆਈਐੱਸ (ਪੰਜਾਬ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ) ਐਪਲੀਕੇਸ਼ਨ 'ਤੇ ਚੈੱਕ ਕੀਤੀਆਂ ਤਾਂ ਗੁਰਵਿੰਦਰ ਸਿੰਘ ਉਰਫ਼ ਫੌਜੀ ਨਾਂ ਦੇ ਨੌਜਵਾਨ 'ਤੇ ਐੱਨਡੀਪੀਐੱਸ ਦੇ ਦੋ ਅਤੇ ਇੱਕ 302 ਦਾ ਪਰਚਾ ਦਰਜ ਸੀ। ਤਲਾਸ਼ੀ ਦੌਰਾਨ ਗੁਰਵਿੰਦਰ ਸਿੰਘ ਦੀ ਡੱਬ ਵਿੱਚੋਂ 32 ਬੋਰ ਦਾ ਰਿਵਾਲਵਰ ਅਤੇ ਇੱਕ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਹੋਇਆ। ਡੀਐੱਸਪੀ ਭਿੱਖੀਵਿੰਡ ਨਿਰਮਲ ਸਿੰਘ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਥਾਣਾ ਖਾਲੜਾ ਵਿੱਚ ਭਾਰਤੀਏ ਨਿਆਏ ਸੰਹਿਤਾ ਦੀ ਧਾਰਾ 318(4),319(2),338,336(3),340(2),341(2),205,3(5) ਅਤੇ ਆਰਮਜ਼ ਐਕਟ,1959 ਦੀ ਧਾਰਾ 25,27 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
- ਪੰਜਾਬ ਵਿੱਚ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਹੈ ਘੋੜਿਆਂ ਦਾ ਕਾਰੋਬਾਰ, ਥਾਂ-ਥਾਂ ਲੱਗ ਰਹੇ ਹਨ ਘੋੜਿਆਂ ਦੇ ਮੇਲੇ, ਕਿਵੇਂ ਕਰੀਏ ਇਨ੍ਹਾਂ ਦੀ ਸੰਭਾਲ, ਪੜ੍ਹੋ ਖ਼ਾਸ ਰਿਪੋਰਟ
- ਮਾਨਸਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਜੱਸੀ ਪੈਂਚਰ ਹੋਇਆ ਜ਼ਖ਼ਮੀ
- 2 ਦਿਨ ਦੇ ਪੁਲਿਸ ਰਿਮਾਂਡ ’ਤੇ ਫਿਰੌਤੀ ਮਾਮਲੇ ’ਚ ਗ੍ਰਿਫ਼ਤਾਰ ਰਾਜੀਵ ਰਾਜਾ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਹੈ ਕਰੀਬੀ