ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਆਹਲਾ ਕੰਟੈਂਟ ਆਧਾਰਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਅਪਣਾ ਅਰਸਤੂ), ਜੋ 07 ਫ਼ਰਵਰੀ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਵੱਲੋਂ ਕੀਤਾ ਗਿਆ ਹੈ।
ਪਰਿਵਾਰਿਕ ਡ੍ਰਾਮਾ ਅਧਾਰਿਤ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਖੂਬਸੂਰਤ ਸਿਨੇਮਾ ਮੌਜੂਦਗੀ ਨੂੰ ਦਰਸ਼ਕਾਂ ਦਾ ਚੰਗਾ ਪ੍ਰੀ-ਰਿਲੀਜ਼ ਹੁੰਗਾਰਾ ਵੀ ਚਾਰੇ-ਪਾਸੇ ਤੋਂ ਮਿਲ ਰਿਹਾ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਇਹ ਫਿਲਮ ਅਪਣੇ ਕਈ ਖਾਸ ਪਹਿਲੂਆਂ ਨੂੰ ਲੈ ਕੇ ਫਿਲਮੀ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ, ਜਿਸ ਵਿੱਚ ਇੱਕ ਅਹਿਮ ਕਾਰਨ ਇਹ ਹੈ ਕਿ ਪੰਜਾਬੀ ਸਿਨੇਮਾ ਦੀ ਇਹ ਅਜਿਹੀ ਵਿਲੱਖਣ ਫਿਲਮ ਵੀ ਹੈ, ਜਿਸ ਵਿੱਚ 85 ਦੇ ਲਗਭਗ ਜਾਣੇ-ਪਛਾਣੇ ਅਤੇ ਪ੍ਰਤਿਭਾਵਾਨ ਕਲਾਕਾਰਾਂ ਵੱਲੋਂ ਕੰਮ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਸਤਿੰਦਰ ਸਰਤਾਜ ਵੱਲੋਂ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਹੇਠ ਬਣਾਈ ਜਾ ਰਹੀ ਵੀ ਉਨ੍ਹਾਂ ਦੀ ਪਹਿਲੀ ਫਿਲਮ ਹੈ, ਜਿਸ ਨਾਲ ਉਹ ਅਪਣੇ ਹੋਮ ਪ੍ਰੋਡੋਕਸ਼ਨ ਦਾ ਸ਼ਾਨਦਾਰ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਨੂੰ ਕਲਾ ਅਤੇ ਸੋਸ਼ਲ ਪਲੇਟਫ਼ਾਰਮ ਉਪਰ ਛਾਏ ਰਹਿਣ ਵਾਲੇ ਕਲਾਕਾਰਾਂ ਵੱਲੋਂ ਵੀ ਕਾਫ਼ੀ ਭਰਵੀਂ ਸਪੋਰਟ ਮਿਲ ਰਹੀ ਹੈ, ਜਿੰਨ੍ਹਾਂ ਵਿੱਚ ਪ੍ਰਸਿੱਧ ਕਾਮੇਡੀਅਨ ਜੋੜੀ ਸੰਤਾ ਬੰਤਾ ਵੀ ਸ਼ਾਮਿਲ ਹਨ, ਜਿੰਨ੍ਹਾਂ ਦੁਆਰਾ ਵੀ ਅਪਣੇ ਸੋਸ਼ਲ ਹੈਂਡਲ ਉਪਰ ਇਸ ਦੀ ਰੱਜ ਕੇ ਹਿਮਾਇਤ ਕੀਤੀ ਜਾ ਰਹੀ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ 'ਕਲੀ ਜੋਟਾ' ਅਤੇ 'ਸ਼ਾਯਰ' ਦੀ ਸਫ਼ਲਤਾ ਅਤੇ ਸਲਾਹੁਤਾ ਤੋਂ ਬਾਅਦ ਬਤੌਰ ਅਦਾਕਾਰ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਸਤਿੰਦਰ ਸਰਤਾਜ ਦੀ ਇਸ ਵਰ੍ਹੇ 2025 ਵਿੱਚ ਰਿਲੀਜ਼ ਹੋਣ ਜਾ ਰਹੀ ਪਹਿਲੀ ਫਿਲਮ ਹੈ, ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: