ਗੜ੍ਹਸ਼ੰਕਰ/ਹੁਸ਼ਿਆਰਪੁਰ:ਗੜ੍ਹਸ਼ੰਕਰ ਨੰਗਲ ਰੋੜ ਤੇ ਸਥਿਤ ਪਿੰਡ ਖਾਨਪੁਰ ਵਿਖੇ ਚੋਣਾਂ ਦੇ ਨਤੀਜਿਆਂ 'ਤੇ ਇਤਰਾਜ਼ ਕਰਦੇ ਹੋਏ ਚੋਣ ਹਾਰਨ ਵਾਲੇ ਗੁੱਟ ਵੱਲੋਂ ਚੋਣ ਅਮਲੇ ਅਤੇ ਉਨ੍ਹਾਂ ਨੂੰ ਲੈਣ ਗਈ ਪੁਲਿਸ ਪਾਰਟੀ ਨੂੰ ਜਬਰਨ ਰੋਕ ਲਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਉੱਥੇ ਪਹੁੰਚੇ ਚੋਣ ਅਧਿਕਾਰੀ ਐਸਡੀਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੇ ਲੋਕਾਂ ਨੂੰ ਸਮਝਾਇਆ ਅਤੇ ਜੇਤੂ ਉਮੀਦਵਾਰ ਦਾ ਐਲਾਨ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆ ਕੇ ਲੋਕ ਉਨ੍ਹਾਂ ਦੀ ਗੱਡੀ ਦੇ ਅੱਗੇ ਲੰਮੇ ਪੈ ਗਏ ਅਤੇ ਉਨ੍ਹਾਂ ਨੂੰ ਬਲ ਪੂਰਵਕ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਕਰਨਾ ਪਿਆ। ਲੋਕਾਂ ਦੇ ਇਕੱਠ ਨੂੰ ਤਿੱਤਰ ਵਿਤਰ ਕਰਨ ਲਈ ਪੁਲਿਸ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ।
ਵੋਟਾਂ ਦੇ ਰਿਜ਼ਲਟ ਨੂੰ ਲੈ ਕੇ ਪਿੰਡ 'ਚ ਕਰਨਾ ਪਿਆ ਲਾਠੀਚਾਰਜ ਤੇ ਹਵਾਈ ਫਾਇਰ (Etv Bharat (ਪੱਤਰਕਾਰ , ਹੁਸ਼ਿਆਰਪੁਰ)) ਪੁਲਿਸ ਪਾਰਟੀ ਨੂੰ ਪਿੰਡ ਦੇ ਕੁੱਝ ਲੋਕਾਂ ਵੱਲੋਂ ਰੋਕਿਆ ਗਿਆ
ਇਸ ਸੰਬੰਧੀ ਐਸਡੀਐਮ ਗੜ੍ਹਸ਼ੰਕਰ ਹਰਬੰਸ ਸਿੰਘ ਅਨੁਸਾਰ ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੀਆਂ ਮਹਿਲਾ ਉਮੀਦਵਾਰਾਂ ਵੱਲੋਂ ਇਹ ਅੜਿੱਕਾ ਪਾਇਆ ਗਿਆ ਸੀ ਅਤੇ ਉਨ੍ਹਾਂ ਵਲੋਂ ਅਸੰਵਿਧਾਨਕ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਪੂਰਾ ਨਹੀਂ ਸੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਖਾਨਪੁਰ ਪਿੰਡ ਵਿਚ ਚੋਣ ਅਮਲੇ ਨੂੰ ਲੈਣ ਗਈ ਪੁਲਿਸ ਪਾਰਟੀ ਨੂੰ ਪਿੰਡ ਦੇ ਕੁੱਝ ਲੋਕਾਂ ਵੱਲੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਲੋਕਾਂ 'ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਪਾਰਟੀ 'ਤੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਗੱਡੀਆਂ ਭੰਨੀਆਂ
ਇਸ ਸਬੰਧੀ ਐਸ ਐਚ ਓ ਗੜ੍ਹਸ਼ੰਕਰ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਸੂਚਨਾ ਮਿਲੀ ਕਿ ਅਸ਼ੋਕ ਕੁਮਾਰ ਧਿਰ ਵਲੋਂ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਅਤੇ ਜਦੋਂ ਪੋਲਿੰਗ ਪਾਰਟੀ ਅਤੇ ਐਸ ਡੀ ਐਮ ਗੜ੍ਹਸ਼ੰਕਰ ਨੂੰ ਵੱਡੀ ਮੁਸਤੈਦੀ ਨਾਲ ਬਾਹਰ ਕੱਢਿਆ ਤਾਂ ਉਨ੍ਹਾਂ ਵੱਲੋਂ ਪੁਲਿਸ ਪਾਰਟੀ 'ਤੇ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਗੱਡੀਆਂ ਭੰਨੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮਾਹੌਲ ਨੂੰ ਸ਼ਾਂਤ ਕਰਨ ਲਈ ਹਵਾਈ ਫਾਇਰ ਕਰਨੇ ਪਏ। ਇਸ ਦੌਰਾਨ ਐਸ ਐਚ ਓ ਗੜ੍ਹਸ਼ੰਕਰ ਅਤੇ 2 ਹੋਰ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਏ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਲਾਜ਼ ਕਰਵਾਇਆ ਜਾ ਰਿਹਾ ਹੈ।