ਰੂਪਨਗਰ: ਖਰੀਫ਼ ਸੀਜ਼ਨ 2024-25 ਪੰਜਾਬ ਰਾਜ ਵਿੱਚ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਰੂਪਨਗਰ ਵਿੱਚ ਕਿਸਾਨਾਂ ਵੱਲੋਂ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਵੱਡੇ ਪੱਧਰ ਵਿੱਚ ਇਕੱਠੇ ਹੋ ਕੇ ਕੌਮੀ ਰਾਜ ਮਾਰਗ ਨੂੰ ਬੰਦ ਕੀਤਾ ਗਿਆ। ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ 8 ਅਕਤੂਬਰ ਹੋ ਚੁੱਕੀ ਹੈ ਅਤੇ ਰੋਪੜ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਚੁਕਾਈ ਨਹੀਂ ਹੋਈ ਹੈ। ਉਨ੍ਹਾਂ ਨੂੰ ਆਪਣੀ ਫਸਲ ਵੇਚਣ ਦੇ ਲਈ ਥਾਂ-ਥਾਂ ਖੱਜਲ ਹੋਣਾ ਪੈ ਰਿਹਾ ਹੈ।
ਕੌਮੀ ਰਾਜ ਮਾਰਗ ਉੱਤੇ ਧਰਨਾ ਪ੍ਰਦਰਸ਼ਨ
ਕਿਸਾਨਾਂ ਦਾ ਕਹਿਣਾ ਹੈ ਕਿ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਜਦੋਂ ਉਹ ਦਾਣਾ ਮੰਡੀ ਵਿੱਚ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਇਸ ਨੂੰ ਵੇਚ ਵੱਟ ਕੇ ਕੋਈ ਨਾ ਕੋਈ ਚੰਗਾ ਕੰਮ ਅਤੇ ਕਾਰਜ ਕਰ ਸਕਣਗੇ ਅਤੇ ਆਪਣੀ ਆਰਥਿਕ ਹਾਲਾਤ ਨੂੰ ਸੁਧਾਰ ਸਕਣਗੇ। ਪਰ ਅੱਜ ਅੱਠ ਤਰੀਕ ਹੋਣ ਦੇ ਬਾਵਜੂਦ ਲਿਫਟਿੰਗ ਨਾ ਹੋਣ ਕਾਰਨ ਉਨਾਂ ਨੂੰ ਮਜਬੂਰਨ ਕੌਮੀ ਰਾਜ ਮਾਰਗ ਉੱਤੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ। ਅੱਜ 8 ਅਕਤੂਬਰ ਹੋ ਚੁੱਕੀ ਹੈ ਅਤੇ ਝੋਨੇ ਦਾ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 8 ਅਕਤੂਬਰ ਹੋਣ ਦੇ ਬਾਵਜੂਦ ਅੱਜ ਤੱਕ ਰੂਪਨਗਰ ਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਲਿਫਟਿੰਗ ਹੋਈ ਹੀ ਨਹੀਂ ਹੈ ਜਿਸ ਕਾਰਨ ਮੰਡੀਆਂ ਦੇ ਵਿੱਚ ਵੱਡੇ ਪੱਧਰ ਉੱਤੇ ਝੋਨਾ ਦੇ ਵੱਡੇ-ਵੱਡੇ ਅੰਬਾਰ ਲੱਗ ਗਏ ਹਨ।