ਸੰਗਰੂਰ:ਖਨੌਰੀ ਕਿਸਾਨ ਮੋਰਚੇ ਉੱਤੇ ਅੱਜ 39ਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਜਗਜੀਤ ਸਿੰਘ ਡੱਲੇਵਾਲ ਆਪਣੇ ਪੈਰਾਂ ਉੱਪਰ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਂਦਾ ਹੈ। ਇਸ ਲਈ ਭਲਕੇ ਉਹਨਾਂ ਨੂੰ ਸਟੇਜ ਉੱਪਰ ਲਿਜਾਉਣ ਸਮੇਂ ਸਾਰੀਆਂ ਡਾਕਟਰੀ ਸਾਵਧਾਨੀਆਂ ਵਰਤੀਆਂ ਜਾਣਗੀਆਂ।
ਕਿਸਾਨਾਂ ਨੂੰ ਮਿਲਣ ਸਮੇਂ ਵਰਤਣੀ ਪਵੇਗੀ ਸਾਵਧਾਨੀ (ETV BHARAT (ਪ੍ਰੈੱਸ ਨੋਟ)) ਕਿਸਾਨਾਂ ਨੂੰ ਸੰਬੋਧਨ ਕਰਨਗੇ ਡੱਲੇਵਾਲ
ਖਨੌਰੀ ਕਿਸਾਨ ਮੋਰਚੇ ਉੱਤੇ ਪਹੁੰਚਣ ਵਾਲੇ ਕਿਸਾਨਾਂ ਦੇ ਦਰਸ਼ਨ ਕਰਨ ਲਈ ਜਗਜੀਤ ਸਿੰਘ ਡੱਲੇਵਾਲ ਖੁਦ ਸਟੇਜ ਉੱਪਰ ਆਉਣਗੇ ਅਤੇ ਆਪਣਾ ਅਹਿਮ ਸੰਦੇਸ਼ ਵੀ ਆਪਣੇ ਲੋਕਾਂ ਨੂੰ ਦੇਣਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਜਿੱਥੇ ਮੋਰਚੇ ਦੀ ਪਹਿਲੀ ਟਰਾਲੀ (ਪੰਜਾਬ ਵਾਲੇ ਪਾਸੇ ਤੋਂ) ਅਤੇ ਆਖਰੀ ਟਰਾਲੀ (ਹਰਿਆਣਾ ਵਾਲੇ ਪਾਸੇ ਤੋਂ) ਹੈ, ਉੱਥੇ ਸਟੇਜ ਬਣਾਈ ਜਾ ਰਹੀ ਹੈ ਅਤੇ ਉਸੇ ਸਟੇਜ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਖਨੌਰੀ ਬਾਰਡਰ ਉੱਤੇ ਭਲਕੇ ਕਿਸਾਨ ਮਹਾਂ ਪੰਚਾਇਤ
ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਦੇਸ਼ ਭਰ ਵਿੱਚੋਂ ਲੱਖਾਂ ਕਿਸਾਨ ਖਨੌਰੀ ਕਿਸਾਨ ਮੋਰਚੇ ਉੱਪਰ ਪੁੱਜਣਗੇ ਅਤੇ ਇਹ ਇਤਿਹਾਸਕ ਮਹਾਂ ਪੰਚਾਇਤ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਂ ਦੋਵਾਂ ਮੋਰਚਿਆਂ ਵੱਲੋਂ ਸੁਪਰੀਮ ਕੋਰਟ ਵਿੱਚ ਕੋਈ ਜਨਹਿੱਤ ਪਟੀਸ਼ਨ ਦਾਇਰ ਨਹੀਂ ਕੀਤੀ ਗਈ। ਕਿਸਾਨ ਮਹਾਂ ਪੰਚਾਇਤ ਭਲਕੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਵੇਗੀ ਜਿਸ ਵਿੱਚ ਦੇਸ਼ ਭਰ ਤੋਂ ਕਿਸਾਨ ਆਗੂ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਅਤੇ ਲੋਕ ਕਲਾਕਾਰ ਪਹੁੰਚਣਗੇ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਦੋ ਅਹਿਮ ਐਲਾਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ ਯਾਨੀ ਚਾਰ ਦਸੰਬਰ ਨੂੰ ਉਹ ਟੋਹਾਣਾ ਦੇ ਵਿੱਚ ਇੱਕ ਵੱਡੀ ਮਹਾਂ ਪੰਚਾਇਤ ਕਰਨ ਜਾ ਰਹੇ ਹਨ। ਜਿਸ ਤੋਂ ਬਾਅਦ 9 ਤਰੀਕ ਨੂੰ ਮੋਗਾ ਦੇ ਵਿੱਚ ਮਹਾਂ ਪੰਚਾਇਤ ਕੀਤੀ ਜਾਵੇਗੀ। ਇਹਨਾਂ ਦੋਵਾਂ ਹੀ ਥਾਵਾਂ ਉੱਤੇ ਵੱਡਾ ਇਕੱਠ ਕਿਸਾਨਾਂ ਦਾ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਬਣਾਈ ਜਾਵੇਗੀ।