ਗਿੱਦੜਬਾਹਾ: ਜਦੋਂ ਕੋਈ ਆਪਣਾ ਪੱਲ੍ਹਾ ਚੱਕਦਾ ਹੈ ਤਾਂ ਢਿੱਡ ਉਸੇ ਦਾ ਨੰਗਾ ਹੁੰਦਾ ਹੈ। ਹੁਣ ਅਜਿਹਾ ਹੀ ਕੁੱਝ ਸ਼੍ਰੋਮਣੀ ਅਕਾਲੀ ਦਲ ਨਾਲ ਵਾਪਰ ਰਿਹਾ ਹੈ। ਜਿਵੇਂ ਹੀ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੀ ਤੱਕੜੀ ਨੂੰ ਆਪਣੇ ਹੱਥ 'ਚ ਹੇਠਾਂ ਰੱਖ ਆਮ ਆਦਮੀ ਦਾ ਝਾੜੂ ਫੜਿਆ ਤਾਂ ਸੁਖਬੀਰ ਬਾਦਲ ਬਾਰੇ ਡਿੰਪੀ ਢਿੱਲੋਂ ਨੇ ਇੱਕ-ਇੱਕ ਖੁਲਾਸਾ ਕਰ ਦਿੱਤਾ। ਇਸੇ ਕਰਕੇ ਅਕਸਰ ਕਿਹਾ ਜਾਂਦਾ 'ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ।ਹੁਣ ਡਿੰਪੀ ਢਿੱਲੋਂ ਦੀ ਸੁਰ ਤਾਲ ਹੀ ਬਦਲ ਗਈ ਹੈ। ਜਿਸ ਦੇ ਖੁਲਾਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਡਿੰਪੀ ਢਿੱਲੋਂ ਨੂੰ ਨਹੀਂ ਬਲਕਿ ਡਿੰਪੀ ਢਿੱਲੋਂ ਨੇ ਪਾਰਟੀ ਨੂੰ ਛੱਡਿਆ ਹੈ। ਜਿਸ ਦਾ ਖਾਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਹੀ ਪਵੇਗਾ।
ਡਿੰਪੀ ਨੇ ਹੱਥ 'ਚ ਫੜਿਆ 'ਆਪ' ਦਾ ਝਾੜੂ: ਸਿਆਸਤਦਾਨਾਂ ਦਾ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸੇ ਕਾਰਨ ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤਦਾਨ ਕੀ ਕਰ ਰਿਹਾ, ਕੀ ਕਰਨ ਵਾਲਾ ਇਸ ਦਾ ਉਸ ਦੇ ਦੂਜੇ ਹੱਥ ਨੂੰ ਵੀ ਪਤਾ ਨਹੀਂ ਲੱਗਦਾ। ਜਦੋਂ ਮੁੱਖ ਮੰਤਰੀ ਮਾਨ ਨੇ ਡਿੰਪੀ ਨੂੰ 'ਆਪ' 'ਚ ਸ਼ਾਮਿਲ ਕਰਵਾਇਆ ਤਾਂ ਆਖਿਆ ਕਿ ਮੈਂ ਤਾਂ 16 ਦਿਨ ਡਿੰਪੀ ਦੇ ਘਰ ਰਹਿ ਕੇ ਉਸ ਦੇ ਮੁੰਡੇ ਨੂੰ ਗੋਦੀ ਚੁੱਕ ਕੇ ਖਿਡਾਇਆ ਹੈ। ਸਾਡਾ ਜਿੰਨਾ ਪਿਆਰ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇਸ ਦੇ ਨਾਲ ਹੀ ਸੀਐੱਮ ਮਾਨ ਨੇ ਆਖਿਆ ਕਿ "ਮੈਂ ਡਿੰਪੀ ਨੂੰ 4-5 ਦਿਨ ਪਹਿਲਾਂ ਫੋਨ 'ਤੇ ਆਖਿਆ ਸੀ ਕਿ ਜੇ ਮੇਰੇ ਨਾਲ ਆਉਣਾ ਜੀ ਸੱਦ ਕੇ ਆ ਪਰ ਅੱਧੇ ਮਨ ਨਾਲ ਨਾ ਆਈ। ਡਿੰਪੀ ਜੇ ਤੋਂ ਆਉਣਾ ਹੀ ਹੈ ਤਾਂ ਪੂਰੇ 100% ਮਨ ਨਾਲ ਆ। ਮੈਂ ਤੈਨੂੰ ਪੂਰਾ ਇੱਜ਼ਤ ਮਾਣ ਦੇਵਾਂਗਾ ਅਤੇ ਤੂੰ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕਰੀ।"
ਡਿੰਪੀ ਦੀ ਨਰਾਜ਼ਗੀ ਦਾ ਕਾਰਨ: ਦੱਸ ਦਈਏ ਕਿ ਅਕਾਲੀ ਦਲ ਛੱਡਣ ਸਮੇਂ ਡਿੰਪੀ ਢਿੱਲੋਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਸੀਨੀਅਰ ਸਿਆਸੀ ਲੀਡਰ ਮਨਪ੍ਰੀਤ ਬਾਦਲ ਕਾਰਨ ਪਾਰਟੀ ਛੱਡ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਭਾਵੇਂ ਮਨਪ੍ਰੀਤ ਬਾਦਲ ਬੀਜੇਪੀ ਵਿੱਚ ਚਲੇ ਗਏ ਹਨ ਪਰ ਜਦੋਂ ਵੀ ਉਹ ਇਲਾਕੇ ਦਾ ਦੌਰਾ ਕਰਦੇ ਹਨ ਤਾਂ ਕਹਿੰਦੇ ਹਨ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਹਨ। ਇਹ ਦੋਵੇਂ ਘਿਓ- ਖਿਚੜੀ ਵਾਂਗ ਹਨ। ਅਜਿਹੇ 'ਚ ਵਰਕਰ ਵੀ ਭੰਬਲਭੂਸੇ 'ਚ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਵੀ ਕਿਹਾ ਸੀ ਪਰ ਉਹ ਕੁਝ ਨਹੀਂ ਦੱਸ ਰਹੇ ਸੀ।
ਪਾਰਟੀ 'ਚ ਵਾਪਸੀ ਲਈ 10 ਦਿਨ ਦਾ ਸਮਾਂ: ਨਾ ਤਾਂ ਉਹ ਉਥੋਂ ਚੋਣ ਲੜਨ ਦੀ ਗੱਲ ਕਰ ਰਹੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਭਾਈ-ਭਤੀਜਾਵਾਦ ਉਨ੍ਹਾਂ ਦੀ ਦੋਸਤੀ ਉਪਰ ਭਾਰੀ ਪੈ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦਾ ਕਾਰਜਕਾਲ ਅਜੇ ਦੋ ਸਾਲ ਬਾਕੀ ਹੈ। ਅਜਿਹੀ ਸਥਿਤੀ ਵਿੱਚ ਉਹ ਆਪਣੇ ਇਲਾਕੇ ਦਾ ਵਿਕਾਸ ਕਰਵਾ ਸਕਦੇ ਹਨ। ਇਸ ਲਈ ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਸੁਖਬੀਰ ਬਾਦਲ ਨੇ ਮੀਟਿੰਗ ਵਿੱਚ ਪਾਰਟੀ ਵਰਕਰਾਂ ਨੂੰ ਕਿਹਾ ਸੀ ਕਿ ਉਹ ਡਿੰਪੀ ਢਿੱਲੋਂ ਦੇ ਪਾਰਟੀ ਛੱਡਣ ਤੋਂ ਦੁਖੀ ਹਨ। ਉਨ੍ਹਾਂ ਨੇ ਡਿੰਪੀ ਨੂੰ ਵਾਪਸ ਆਉਣ ਲਈ ਵੀ ਕਿਹਾ ਸੀ। ਉਨ੍ਹਾਂ ਨੇ ਡਿੰਪੀ ਨੂੰ ਪਾਰਟੀ 'ਚ ਵਾਪਸੀ ਲਈ 10 ਦਿਨ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਕਿ ਸੀ ਕਿ ਉਹ ਉਨ੍ਹਾਂ ਨੂੰ ਉਮੀਦਵਾਰ ਐਲਾਨ ਦੇਣਗੇ।
ਕੀ 'ਆਪ' ਦੇ ਉਮੀਦਵਾਰ ਹੋਣਗੇ ਡਿੰਪੀ?:ਬੇਸ਼ੱਕ ਸੀਐੱਮ ਭਗਵੰਤ ਮਾਨ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਆਖੀ ਹੈ ਅਤੇ ਵੱਡੀ ਜਿੰਮੇਵਾਰੀ ਲਈ ਤਿਆਰ ਰਹਿਣ ਲਈ ਕਿਹਾ ਪਰ ਹੁਣ ਦੇਖਣਾ ਹੋਵੇਗਾ ਕਿ ਉਹ ਜ਼ਿੰਮੇਵਾਰੀ ਕਿਹੜੀ ਹੋਵੇਗੀ ਅਤੇ ਕਿੰਨੀ ਜ਼ਲਦੀ ਉਸ ਦਾ ਐਲਾਨ ਹੋਵੇਗਾ।
"ਡਿੰਪੀ ਅੱਧੇ ਮਨ ਨਾਲ ਪਾਰਟੀ 'ਚ ਨਾ ਆਈ, ਆ ਮੈਨੂੰ ਮਨਜ਼ੂਰ ਨਹੀਂ", ਮੁੱਖ ਮੰਤਰੀ ਨੇ ਸਭ ਦੇ ਸਾਹਮਣੇ ਡਿੰਪੀ ਢਿੱਲੋਂ ਨੂੰ ਕਿਉ ਆਖੀ ਆ ਗੱਲ? (dimpy dhillon (facebook))