ਰੂਪਨਗਰ 'ਚ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਲਹਿਰਾਇਆ ਤਿਰੰਗਾ ਝੰਡਾ, ਦੇਸ਼ ਵਸੀਆਂ ਨੂੰ ਦਿੱਤੀ ਵਧਾਈ (Rupnagar reporter) ਰੂਪਨਗਰ:ਰੋਪੜ ਦੇ ਨਹਿਰੂ ਸਟੇਡੀਅਮ ਦੇ ਵਿੱਚ ਅੱਜ ਆਜ਼ਾਦੀ ਦਿਵਸ ਦੀ ਵਰੇਗੰਡ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਕੌਮੀ ਝੰਡੇ ਨੂੰ ਫਹਿਰਾਇਆ ਗਿਆ। ਇਸ ਮੌਕੇ ਉਹਨਾਂ ਵੱਲੋਂ ਪੁਲਿਸ ਟੁਕੜੀ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਪੁਲਿਸ ਟੁਕੜੀ ਵੱਲੋਂ ਕੀਤੀ ਜਾ ਰਹੀ ਪਰੇਡ ਦੀ ਸਲਾਮੀ ਵੀ ਲਈ ਗਈ। ਇਸ ਮੌਕੇ ਦੇ ਉੱਤੇ ਨਹਿਰੂ ਸਟੇਡੀਅਮ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਮਾਰਚ ਪਾਸ ਕੀਤਾ ਗਿਆ ਹੈ ਅਤੇ ਦੇਸ਼ ਭਗਤੀ ਅਤੇ ਪੰਜਾਬ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ ਹੈ ।
ਬੀਐਸਐਫ ਦੇ ਡੀਆਈਜੀ ਨੇ ਲਹਿਰਾਇਆ ਤਿਰੰਗਾ:ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਣੇ ਦੇਸ਼ ਭਰ ਵਿੱਚ ਝੰਡਾ ਫਹਿਰਾਉਂਣ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਬੀਐਸਐਫ ਅਧਿਕਾਰੀਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅੱਜ ਸਵੇਰੇ ਭਾਰਤ ਦੇ ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ 'ਤੇ ਸਾਂਝੇ ਚੈਕ ਪੁਆਇੰਟ ਅਟਾਰੀ ਵਿਖੇ ਬੀਐਸਐਫ ਦੇ ਡੀਆਈਜੀ ਐਸ ਐਸ ਚੰਦੇਲ ਦੀ ਤਰਫੋਂ ਤਿਰੰਗਾ ਲਹਿਰਾਇਆ ਗਿਆ ਅਤੇ ਨਾਲ ਹੀ ਉਹਨਾਂ ਵੱਲੋਂ ਬੀਐਸਐਫ ਦੇ ਜਵਾਨਾਂ ਨੂੰ ਸੰਬੋਧਨ ਕੀਤਾ ਗਿਆ।
ਮੁੱਖ ਮੰਤਰੀ ਮਾਨ ਨੇ ਲਹਿਰਾਇਆ ਝੰਡਾ :ਉਥੇ ਹੀ ਜਲੰਧਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਹਾੜੇ 'ਤੇ ਰਾਜ ਪੱਧਰੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਝੰਡਾ ਲਹਿਰਾਇਆ ਗਿਆ । ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਪੰਜਾਬੀਆਂ ਲਈ ਖਾਸ ਮਹੱਤਵ ਰੱਖਦੀ ਹੈ। ਕਿਉਂਕਿ ਆਜ਼ਾਦੀ ਲਈ ਪੰਜਾਬੀਆਂ ਨੇ 80 ਫੀਸਦੀ ਕੁਰਬਾਨੀਆਂ ਦਿੱਤੀਆਂ ਹਨ। ਆਜ਼ਾਦੀ ਮਿਲਣ ਤੋਂ ਲੈ ਕੇ ਹੁਣ ਤੱਕ ਪੰਜਾਬ ਵੰਡ ਦਾ ਦੁੱਖ ਝੱਲ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੀ ਸੋਸ਼ਲ ਬੋਂਡਿੰਗ ਬਹੁਤ ਮਜ਼ਬੂਤ ਹੈ। ਇਸ ਵਿੱਚ ਨਫ਼ਰਤ ਦੇ ਬੀਜ ਫੈਲਾਉਣ ਦੀ ਕੋਸ਼ਿਸ਼ ਨਾ ਕਰੋ। ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਪੰਜਾਬ ਨੂੰ ਭਾਰਤ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਨੇ ਜ਼ੀਰੋ ਟਾਲਰੈਂਸ ਦੀ ਨੀਤੀ ਬਣਾਈ ਹੈ।
ਹਾਕੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ :ਝੰਡਾ ਲਹਿਰਾਉਣ ਤੋਂ ਬਾਅਦ ਸੀਐਮ ਮਾਨ ਨੇ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 19 ਖਿਡਾਰੀਆਂ 'ਚ 10 ਪੰਜਾਬ ਦੇ ਸਨ ਅਤੇ ਇਹ ਸਾਰੇ ਜਲੰਧਰ ਦੇ ਰਹਿਣ ਵਾਲੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ।
ਪੰਜਾਬ ਪੁਲਿਸ 'ਚ 10 ਹਜ਼ਾਰ ਅਸਾਮੀਆਂ 'ਤੇ ਹੋਵੇਗੀ ਭਰਤੀ:ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਲੱਗੀ ਹੈ। ਭਲਾਈ ਸਕੀਮਾਂ ਜਲਦੀ ਸ਼ੁਰੂ ਕੀਤੀਆਂ ਜਾਣਗੀਆਂ। ਪੰਜਾਬ ਪੁਲਿਸ 'ਚ 10 ਹਜ਼ਾਰ ਅਸਾਮੀਆਂ 'ਤੇ ਭਰਤੀ ਹੋਵੇਗੀ, ਪੰਜਾਬ ਪੁਲਿਸ ਵਿੱਚ ਮੁਲਾਜ਼ਮਾਂ ਦੀ ਗਿਣਤੀ 1.25 ਲੱਖ ਤੱਕ ਲਿਜਾਣ ਦੀ ਕੋਸ਼ਿਸ਼ ਹੈ। ਕਿਉਂਕਿ 2001 'ਚ ਵੀ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਅੱਸੀ ਹਜ਼ਾਰ ਸੀ ਜੋ ਕਿ ਅਜੇ ਵੀ ਅੱਸੀ ਹਜ਼ਾਰ ਹੈ, ਜਦਕਿ ਹੁਣ ਪੁਲਿਸ ’ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਗਿਆ।