ਅੰਮ੍ਰਿਤਸਰ :ਮਾਮਲਾ ਕੈਨੇਡਾ ਦੇ ਕੈਲਗਰੀ ਦੇ ਕੁਝ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੇ ਗੈਰ ਅੰਮ੍ਰਿਤਧਾਰੀ ਸਿੱਖਾਂ ਅਤੇ ਪ੍ਰਬੰਧਕਾਂ ਵੱਲੋਂ ਨਸ਼ੇ ਦੇ ਸੇਵਨ ਕਰਨ ਵਰਗੇ ਜੁਰਮਾਂ ਸੰਬਧੀ ਹੈ। ਅੱਜ ਇੱਕ ਵਫਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਸਕੱਤਰੇਤ ਪਹੁੰਚਿਆ ਅਤੇ ਗੁਰੂ ਘਰਾਂ ਦੀ ਮਰਿਯਾਦਾ ਭੰਗ ਕਰਨ ਵਾਲੇ ਇਸ ਮਾਮਲੇ 'ਤੇ ਸਖ਼ਤ ਨੋਟਿਸ ਲੈਣ ਦੀ ਗੱਲ ਆਖੀ ਹੈ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਗੁਰਦੁਆਰਾ ਸਾਹਿਬ ਵਿੱਚ ਮਰਿਯਾਦਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਜਥੇਦਾਰ ਨੂੰ ਦਿੱਤਾ ਗਿਆ ਮੰਗ ਪੱਤਰ (ETV Bharat (ਪੱਤਰਕਾਰ , ਅੰਮ੍ਰਿਤਸਰ)) ਝੂਠੇ ਮੁਕੱਦਮੇ ਦਰਜ
ਇਸ ਸੰਬਧੀ ਗੱਲਬਾਤ ਕਰਦਿਆਂ ਕੈਨੇਡਾ ਦੇ ਗੁਰਦੁਆਰਾ ਸਾਹਿਬ ਸੰਬਧੀ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਕੈਨੇਡਾ ਦੇ ਕੁਝ ਗੁਰਦੁਆਰਾ ਸਾਹਿਬ ਵਿਖੇ ਗੈਰ ਅੰਮ੍ਰਿਤਧਾਰੀ ਸਿੱਖ ਸੇਵਾਦਾਰ ਅਤੇ ਪ੍ਰਬੰਧਕਾਂ ਵੱਲੋ ਜਿੱਥੇ ਮਰਿਯਾਦਾ ਭੰਗ ਕਰਦਿਆਂ ਨਸ਼ੇ ਦਾ ਸੇਵਨ ਕਰਨ ਦੀ ਗੱਲ ਸਾਹਮਣੇ ਆਈ ਹੈ। ਉੱਥੇ ਹੀ ਜੇਕਰ ਕੋਈ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖਦਾ ਹੈ ਤਾਂ ਉਸ ਉੱਪਰ ਝੂਠੇ ਮੁਕੱਦਮੇ ਦਰਜ ਕਰਵਾਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ। ਜਿਸ ਨੂੰ ਲੈ ਕੇ ਆਏ ਦਿਨ ਵਿਵਾਦ ਹੋ ਰਹੇ ਹਨ।
ਸੇਵਾਦਾਰ ਅਤੇ ਪ੍ਰਬੰਧਕ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਹਨ
ਕੈਨੇਡਾ ਦੇ ਕੈਲਗਰੀ ਦੇ ਵਫ਼ਦ ਦੇ ਮੈਂਬਰ ਨੇ ਕਿਹਾ ਕਿ ਅਜਿਹੇ ਮੌਕੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਗੁਰੂਘਰਾਂ ਦੇ ਸੇਵਾਦਾਰ ਅਤੇ ਪ੍ਰਬੰਧਕ ਅੰਮ੍ਰਿਤਧਾਰੀ ਗੁਰਸਿੱਖ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਵਿਵਾਦ ਪੈਦਾ ਨਾ ਹੋਣ। ਇਸ ਲਈ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਗੈਰ ਅੰਮ੍ਰਿਤਧਾਰੀ ਸਿੱਖ ਹਨ ਤਾਂ ਅਜਿਹੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਉੱਤੇ ਨਕੇਲ ਕਸੀ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਅਜਿਹੇ ਲੋਕਾਂ ਦੇ ਖਿਲਾਫ ਅਵਾਜ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਜਾਣਬੁੱਝ ਕੇ ਝੂਠੇ ਮੁਕੱਦਮਿਆ ਵਿਚ ਫਸਾਇਆ ਜਾ ਰਿਹਾ ਹੈ ਅਤੇ ਝਗੜਾ ਕੀਤਾ ਜਾਂਦਾ ਹੈ।
ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ
ਵਫ਼ਦ ਦੇ ਮੈਂਬਰ ਨੇ ਮੰਗ ਕੀਤੀ ਹੈ ਕਿ ਅਜਿਹੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ ਤੇ ਗੁਰਦੁਆਰਾ ਸਾਹਿਬਾਨ ਦੀ ਸਾਖ ਨੂੰ ਢਾਹ ਲਗਾਈ ਜਾ ਰਹੀ ਹੈ, ਇਸ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਲਦ ਤੋਂ ਜਲਦ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ।