ਬਠਿੰਡਾ:ਕਾਂਗਰਸ ਪਾਰਟੀ ਦੇ ਮੀਡੀਆ ਅਤੇ ਪਬਲਿਕ ਸਿਟੀ ਵਿੰਗ ਦੇ ਚੇਅਰਮੈਨ ਪਵਨ ਖੇੜਾ ਅੱਜ ਵਿਸ਼ੇਸ਼ ਤੌਰ 'ਤੇ ਬਠਿੰਡਾ ਪਹੁੰਚੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਉਹ ਪੱਤਰਕਾਰਾਂ ਦੇ ਰੂਬਰੂ ਹੋਏ ਅਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲਿਆ। ਇਸ ਮੌਕੇ ਉਹਨਾਂ ਦੇ ਨਾਲ ਰਾਜਸਥਾਨ ਤੋਂ ਲੋਕ ਸਭਾ ਉਮੀਦਵਾਰ ਮੇਘਵਾਲ ਵਿਸ਼ੇਸ਼ ਤੌਰ 'ਤੇ ਜੂਦ ਸਨ।
ਪ੍ਰਧਾਨ ਮੰਤਰੀ 'ਤੇ ਖੇੜਾ ਦਾ ਨਿਸ਼ਾਨਾ: ਇਸ ਮੌਕੇ ਪਵਨ ਖੇੜਾ ਨੇ ਕਿਹਾ ਕਿ ਪੰਜਾਬ ਵਾਸੀ 1 ਜੂਨ ਨੂੰ ਕਾਂਗਰਸ ਦੇ ਹੱਥ ਮਜਬੂਤ ਕਾਰਨ ਲਈ ਵੋਟ ਪਾਉਣ ਤਾਂ ਜੋ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇ। ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ, ਪੂਰੀ 30 ਲੱਖ ਖਾਲੀ ਪੋਸਟਾਂ ਭਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ, ਪਹਿਲੀ ਨੌਕਰੀ ਪੱਕੀ ਕਰਨ, ਸੰਵਿਧਾਨ ਨੂੰ ਬਚਾਉਣ ਅਤੇ ਹਰ ਪਰਿਵਾਰ ਦੀ ਵੱਡੀ ਮਹਿਲਾ ਨੂੰ ਇਕ ਲੱਖ ਰੁਪਏ ਪ੍ਰਤੀ ਸਾਲ ਦੇਣ ਦੀਆਂ ਗਰੰਟੀਆਂ ਨੂੰ ਪੂਰਾ ਕਰਕੇ ਦੇਸ਼ ਨੂੰ ਮਜਬੂਤੀ ਦੇ ਰਾਹ 'ਤੇ ਤੋਰਿਆ ਜਾ ਸਕੇ। ਇਸ ਮੌਕੇ ਉਹਨਾਂ ਪ੍ਰਧਾਨ ਮੰਤਰੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜੋ ਆਪਣੇ ਆਪ ਨੂੰ ਭਗਵਾਨ ਤੋਂ ਉਪਰ ਸਮਝਦੇ ਹਨ, ਪਰ ਚਾਰ ਜੂਨ ਦੇ ਨਤੀਜੇ ਉਹਨਾਂ ਨੂੰ ਇਸ ਗਲਤ ਫਹਿਮੀ ਤੋਂ ਦੂਰ ਕਰ ਦੇਣਗੇ।
ਇੰਡੀਆ ਗਠਜੋੜ ਦੀ ਬਣੇਗੀ ਸਰਕਾਰ: ਉਨ੍ਹਾਂ ਕਿਹਾ ਕਿ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਸੋਚ ਨੂੰ ਵੀ ਚਾਰ ਜੂਨ ਦੇ ਨਤੀਜੇ ਜਵਾਬ ਦੇਣਗੇ ਕਿਉਂਕਿ ਦੇਸ਼ ਵਾਸੀ ਵੱਧ ਰਹੀ ਮਹਿੰਗਾਈ, ਅਗਨੀਵੀਰ ਯੋਜਨਾ ਸਮੇਤ 10 ਸਾਲ ਦੇ ਜੁਮਲਿਆਂ ਤੋਂ ਪਰੇਸ਼ਾਨ ਹਨ ਅਤੇ ਭਾਜਪਾ ਤੋਂ ਛੁਟਕਾਰਾ ਚਾਹੁੰਦੇ ਹਨ। ਉਹਨਾਂ ਦਾਅਵਾ ਕੀਤਾ ਕਿ ਪੰਜ ਗੇੜਾਂ ਤਹਿਤ ਹੋਈਆਂ ਹੁਣ ਤੱਕ ਦੀਆਂ ਵੋਟਾਂ ਵਿੱਚ ਕਾਂਗਰਸ ਗਠਬੰਧਨ 372 ਸੀਟਾਂ ਤੋਂ ਪਾਰ ਜਿੱਤ ਚੁੱਕਿਆ ਹੈ ਅਤੇ ਛੇਵੇਂ ਤੇ ਸੱਤਵੇਂ ਪੜਾ ਦੀਆਂ ਸੀਟਾਂ ਬੋਨਸ ਹੋਣਗੀਆਂ। ਉਹਨਾਂ ਪੰਜਾਬ ਵਿੱਚ ਵੀ 10 ਸੀਟਾਂ 'ਤੇ ਜਿੱਤ ਹਾਸਿਲ ਕਰਨ ਦਾ ਦਾਅਵਾ ਕੀਤਾ।
ਭਾਜਪਾ ਤੇ 'ਆਪ' ਇੱਕ ਥਾਲੀ ਦੇ ਚੱਟੇ ਵੱਟੇ:ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਭਾਜਪਾ ਸਰਕਾਰ ਇੱਕੋ ਥਾਲੀ ਦੇ ਚੱਟੇ ਵੱਟੇ ਹਨ, ਜੋ ਘੁਟਾਲਿਆ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹਨ, ਜਿਨਾਂ ਤੋਂ ਛੁਟਕਾਰਾ ਸਮੇਂ ਦੀ ਲੋੜ ਹੈ। ਉਹਨਾਂ ਦੇਸ਼ ਵਾਸੀਆਂ ਸਮੇਤ ਪੰਜਾਬੀਆਂ ਨੂੰ ਅਗਾਹ ਕੀਤਾ ਕਿ ਜੇਕਰ ਮੋਦੀ ਸਰਕਾਰ ਦੁਬਾਰਾ ਆਈ ਤਾਂ ਸੰਵਿਧਾਨ ਦੇ ਟੁਕੜੇ-ਟੁਕੜੇ ਹੋ ਜਾਣਗੇ, ਜਿਸ ਨਾਲ ਦੇਸ਼ ਦਾ ਵੱਡਾ ਨੁਕਸਾਨ ਹੋਵੇਗਾ। ਇਸ ਲਈ ਨੁਕਸਾਨ ਨੂੰ ਬਚਾਉਣ ਲਈ ਉਹ ਕਾਂਗਰਸ ਦੇ ਹੱਥ ਮਜਬੂਤ ਕਰਨ।