ਬਾਬਾ ਬਕਾਲਾ: ਅੱਜ ਪੰਜਾਬ ਭਰ ਦੇ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਹੋ ਰਹੀਆਂ ਹਨ ਅਤੇ ਇਸ ਦੌਰਾਨ ਕਾਫੀ ਤਰ ਇਲਾਕਿਆਂ ਦੇ ਵਿੱਚ ਫਿਲਹਾਲ ਪੋਲਿੰਗ ਦੀ ਰਫਤਾਰ ਕਾਫੀ ਮੱਠੀ ਚੱਲਦੀ ਹੋਈ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਕਈ ਜਗ੍ਹਾ ਜਿੱਥੇ 50 ਤੋਂ 60 ਪ੍ਰਤੀਸ਼ਤ ਤੋਂ ਵੱਧ ਵੋਟਾਂ ਪੋਲ ਹੋ ਚੁੱਕੀਆਂ ਹਨ, ਉਥੇ ਹੀ ਕਈ ਅਜਿਹੇ ਸ਼ਹਿਰ ਜਾਂ ਕਸਬੇ ਹਨ ਜਿੱਥੇ ਕਿ ਹੁਣ ਤੱਕ ਗਿਣਤੀ ਘੱਟ ਰਹੀ ਹੈ। ਹਾਲੇ ਤੱਕ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਕਈ ਜਗ੍ਹਾ ਜ਼ਰੂਰੀ ਨਾ ਸਮਝਦੇ ਹੋਏ ਦਿਖਾਈ ਦੇ ਰਹੇ ਹਨ।
ਅਪਾਹਿਜ ਨੌਜਵਾਨ ਵੋਟ ਪਾਉਣ ਪੁੱਜਿਆ
ਇਸ ਦੇ ਨਾਲ ਹੀ ਤੁਹਾਨੂੰ ਖਾਸ ਤਸਵੀਰਾਂ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਤੋਂ ਦਿਖਾਉਣ ਜਾ ਰਹੇ ਹਾਂ, ਜਿੱਥੇ ਕਿ ਇੱਕ ਅਪਾਹਿਜ ਨੌਜਵਾਨ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਸ ਵੱਲੋਂ ਵਾਰਡ ਨੰਬਰ ਇਕ, ਦੋ ਅਤੇ ਤਿੰਨ ਦੇ ਲਈ ਬਣਾਏ ਗਏ ਪੋਲਿੰਗ ਕੇਂਦਰ ਸਰਕਾਰੀ ਐਲੀਮੈਂਟਰੀ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਆਪਣੇ ਮੱਤ ਦਾ ਦਾਨ ਕੀਤਾ ਗਿਆ ਹੈ।
ਹੋਰ ਲੋਕਾਂ ਨੂੰ ਵੀ ਵੋਟ ਪਾਉਣ ਦੀ ਕੀਤੀ ਅਪੀਲ
ਇਸ ਦੌਰਾਨ ਬੋਲਣ ਤੋਂ ਵੀ ਅਸਮਰੱਥ ਦਿਖਾਈ ਦੇ ਰਹੇ ਨੌਜਵਾਨ ਯੋਗਰਾਜ ਸਿੰਘ ਅਤੇ ਉਸ ਦੇ ਨਾਲ ਹਾਜ਼ਰ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਯੋਗਰਾਜ ਸਿੰਘ ਦੇ ਗਲੇ ਵਿੱਚ ਪਾਈਪ ਪਿਆ ਹੋਇਆ ਹੈ। ਜਿਸ ਕਾਰਨ ਉਹ ਠੀਕ ਤਰ੍ਹਾਂ ਨਾਲ ਬੋਲ ਵੀ ਨਹੀਂ ਸਕਦਾ, ਲੇਕਿਨ ਬਾਵਜੂਦ ਇਸਦੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੇ ਲਈ ਪੋਲਿੰਗ ਕੇਂਦਰ ਦੇ ਉੱਤੇ ਪੁੱਜੇ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਚੋਣਾਂ ਦੇ ਇਸ ਤਿਉਹਾਰ ਵਿੱਚ ਹਰ ਕੋਈ ਵੱਧ ਚੜ ਕੇ ਆਪਣਾ ਯੋਗਦਾਨ ਪਾਵੇ ਤਾਂ ਜੋ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਸ਼ਹਿਰ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।