ਬਠਿੰਡਾ: ਸੂਬੇ ਭਰ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟਾਂ ਪੈ ਰਹੀਆਂ ਹਨ। ਜਿਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧਾਂ ਦੀ ਗੱਲ ਆਖੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਹੀ ਵੋਟਰਾਂ ਵੱਲੋਂ ਜਾਅਲੀ ਵੋਟਾਂ ਪਾਉਣ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਅਜਿਹਾ ਹੀ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪਣੀ ਵੋਟ ਪਾਉਣ ਆਈ ਜਸਵਿੰਦਰ ਕੌਰ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ।
ਕੋਈ ਪਹਿਲਾਂ ਹੀ ਪਾ ਗਿਆ ਵੋਟ
ਜਦੋਂ ਜਸਵਿੰਦਰ ਕੌਰ ਵੋਟ ਭੁਗਤਾਨ ਗਈ ਤਾਂ ਉਸ ਨੂੰ ਇਹ ਆਖ ਕਿ ਮੋੜ ਦਿੱਤਾ ਕਿ ਉਸ ਦੀ ਵੋਟ ਤਾਂ ਸਵੇਰੇ 7 ਵਜੇ ਹੀ ਪੈ ਚੁੱਕੀ ਹੈ। ਜਿਸ ਤੋਂ ਬਾਅਦ ਹੰਗਾਮਾ ਹੋਣਾ ਸ਼ੁਰੂ ਹੋ ਗਿਆ। ਜਸਵਿੰਦਰ ਨੇ ਆਖਿਆ ਕਿ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ। ਉਸ ਨੇ ਕਿਹਾ ਕਿ ਜਿਸ ਔਰਤ ਵੱਲੋਂ ਉਸ ਦੀ ਵੋਟ ਪਾਈ ਗਈ ਹੈ, ਉਸ ਨੇ ਅੰਗੂਠਾ ਲਗਾਇਆ ਜਦਕਿ ਉਹ ਖੁਦ ਪੜੀ ਲਿਖੀ ਹੈ ਅਤੇ ਹਸਤਾਖ਼ਰ ਕਰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਧੱਕਾ ਕਰਕੇ ਲਗਾਤਾਰ ਫਰਜੀ ਵੋਟਾਂ ਪਵਾਈਆਂ ਜਾ ਰਹੀਆਂ ਹਨ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਰਜ਼ੀ ਵੋਟਾਂ ਪਾਉਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਮੀਦਵਾਰ ਨੇ ਲਗਾਏ ਸਰਕਾਰ 'ਤੇ ਇਲਜ਼ਾਮ
ਉਧਰ ਵਾਰਡ ਨੰਬਰ 14 ਤੋਂ ਉਮੀਦਵਾਰ ਜੋਗੇ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਫਰਜ਼ੀ ਵੋਟਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜੋਗੇ ਕੌਰ ਨੇ ਕਿਹਾ ਮੇਰੇ ਭਰਾ ਦੀ ਵੀ ਕੋਈ ਜਾਅਲੀ ਵੋਟ ਪਾ ਕਿ ਚਲਿਆ ਗਿਆ, ਤੇ ਹੁਣ ਉਸਦੀ ਚਾਚੀ ਦੀ ਵੀ ਕਿਸੇ ਨੇ ਜਾਅਲੀ ਵੋਟ ਪਾ ਦਿੱਤੀ। ਉਮੀਦਵਾਰ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਦੀਆਂ 2 ਵੋਟਾਂ ਜੁਆਲੀ ਭੁਗਤਾਈਆਂ ਗਈ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰੇਆਮ ਫਰਜ਼ ਵੋਟਾਂ ਸਹਾਰੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਆਧਿਕਾਰੀ ਦਾ ਬਿਾਅਨ
ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ਵਿਖੇ ਪੂਰੇ ਅਮਨ-ਅਮਾਨ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਪੁਲਿਸ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਇਹਨਾਂ 10 ਵਾਰਡਾਂ ਦੀਆਂ ਵੋਟਾਂ ਲਈ 150 ਤੋਂ ਉੱਪਰ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਨ, ਜੇਕਰ ਕੋਈ ਵਿਅਕਤੀ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।