ਜਲੰਧਰ: ਨਗਰ ਨਿਗਮ ਚੋਣਾਂ ਲਈ ਵੋਟਿੰਗ ਸਵੇਰੇ ਤੋਂ ਜਾਰੀ ਹੈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕ ਵੀ ਵੋਟਾਂ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਵੋਟਿੰਗ ਅੱਜ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਲੰਧਰ ਵਿੱਚ ਇਸ ਸਮੇਂ ਤਿਕੋਣਾ ਮੁਕਾਬਲਾ ਚੱਲ ਰਿਹਾ ਹੈ। ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਕਾਰ ਹੈ। ਕੁਝ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਦੇ ਜਿੱਤਣ ਦੀ ਵੀ ਸੰਭਾਵਨਾ ਹੈ। ਹਾਲਾਂਕਿ, ਇਹ ਸਭ ਦੀ ਤਸਵੀਰ ਸ਼ਾਮ ਤੱਕ ਸਾਫ਼ ਹੋ ਜਾਵੇਗੀ।
ਕੈਬਨਿਟ ਮੰਤਰੀ ਦੇ ਪਿਤਾ ਨੇ ਭੁਗਤਾਈ ਵੋਟ
ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਗਤ ਚੁਨੀ ਲਾਲ ਪਹੁੰਚੇ ਵੋਟ ਪਾਉਣ ਵਿਕਾਸ ਕਾਰਜਾਂ ਨੂੰ ਲੈ ਕੇ ਕੌਂਸਲਰਾਂ ਨੂੰ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਆਪਣੇ ਇਲਾਕਿਆਂ ਵਿੱਚ ਵਿਕਾਸ ਦੀ ਲੋੜ ਹੈ। ਲੋਕਾਂ ਦੇ ਛੋਟੇ ਛੋਟੇ ਕੰਮਾਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਬੀਜੇਪੀ ਵੱਲੋਂ ਪਾਰਟੀ ਚੋਂ ਕੱਢੇ ਜਾਣ ਉੱਤੇ ਬਿਆਨ ਦਿੰਦਿਆਂ ਭਗਤ ਚੁੰਨੀ ਲਾਲ ਨੇ ਕਿਹਾ ਕਿ, "ਮੈਂ ਤਾਂ ਪਹਿਲਾਂ ਹੀ ਬਿਮਾਰ ਰਹਿੰਦਾ ਹਾਂ, ਸਿਹਤ ਠੀਕ ਨਹੀਂ ਰਹਿੰਦੀ ਅਤੇ ਵ੍ਹੀਲ ਚੇਅਰ ਉੱਤੇ ਹੀ ਹਾਂ। ਮੈਂ ਤਾਂ ਪਹਿਲਾਂ ਹੀ ਕਿਸੇ ਪਾਰਟੀ ਲਈ ਕੋਈ ਕੰਮ ਨਹੀਂ ਕਰ ਸਕਦਾ ਇਹ ਸ਼ਰਾਰਤੀ ਲੋਕ ਅਜਿਹੀਆਂ ਚੀਜ਼ਾਂ ਕਰਕੇ ਤਮਾਸ਼ਾ ਬਣਾ ਰਹੇ ਹਨ।"
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਭੁਗਤਾਈ ਵੋਟ
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਆਪਣੀ ਵੋਟ ਪਾਉਣ ਤੋਂ ਬਾਅਦ ਪੋਲਿੰਗ ਸਟੇਸ਼ਨ ਦੇ ਬਾਹਰ ਬੂਥ 'ਤੇ ਖੜ੍ਹੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਗੱਲਬਾਤ ਕਰਦੇ ਆਏ।
ਨਗਰ ਨਿਗਮ ਚੋਣਾਂ ਵਿੱਚ ਕੁੱਲ 68,3367 ਲੱਖ ਵੋਟਰ
ਜਲੰਧਰ ਨਗਰ ਨਿਗਮ ਚੋਣਾਂ ਵਿੱਚ ਕੁੱਲ 683367 ਲੱਖ ਵੋਟਰ ਵੋਟ ਪਾਉਣਗੇ। ਜਿਸ ਵਿੱਚ ਕੁੱਲ 354159 ਪੁਰਸ਼ ਅਤੇ 329188 ਔਰਤਾਂ ਸ਼ਾਮਲ ਹਨ। ਇਹ ਵੋਟਿੰਗ 85 ਵਾਰਡਾਂ ਵਿੱਚ ਹੋਵੇਗੀ। ਜਦੋਂ ਕਿ ਨਗਰ ਕੌਂਸਲ ਭੋਗਪੁਰ, ਗੁਰਾਇਆ ਅਤੇ ਫਿਲੌਰ ਲਈ 24504 ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਲਈ 21787 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਡੀਸੀ ਨੇ ਦੱਸਿਆ- 85 ਵਾਰਡਾਂ ਵਿੱਚ ਕੁੱਲ 677 ਪੋਲਿੰਗ ਬੂਥ ਸਥਾਪਿਤ
ਡਿਪਟੀ ਕਮਿਸ਼ਨਰ ਅਤੇ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਪੈਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਲੰਧਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਲਈ ਜ਼ਿਲ੍ਹੇ ਵਿੱਚ ਕੁੱਲ 729 ਪੋਲਿੰਗ ਬੂਥ ਬਣਾਏ ਗਏ ਹਨ। ਜਿਸ ਵਿੱਚ ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥ ਹੋਣਗੇ।
ਨਗਰ ਕੌਂਸਲ ਭੋਗਪੁਰ, ਗੁਰਾਇਆ ਅਤੇ ਫਿਲੌਰ ਦੇ ਇੱਕ ਇੱਕ ਵਾਰਡ ਲਈ ਕੁੱਲ 27 ਪੋਲਿੰਗ ਬੂਥ ਅਤੇ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਸ਼ਾਹਕੋਟ ਅਤੇ ਨਗਰ ਪੰਚਾਇਤ ਮਹਿਤਪੁਰ ਦੇ ਇੱਕ ਇੱਕ ਵਾਰਡ ਲਈ ਕੁੱਲ 25 ਪੋਲਿੰਗ ਬੂਥ ਸ਼ਾਮਲ ਹਨ। ਡੀਸੀ ਅਗਰਵਾਲ ਨੇ ਕਿਹਾ- ਨਗਰ ਪੰਚਾਇਤ ਬਿਲਗਾ ਦੇ 2 ਵਾਰਡਾਂ (ਵਾਰਡ ਨੰ: 1 ਅਤੇ 3) ਵਿੱਚ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ।