ਬਰਨਾਲਾ: ਸ਼ਹਿਰ 'ਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਸ਼ਹਿਰ ਦੇ ਇੱਕ ਨਿੱਜੀ ਡੈਂਟਲ ਕਲੀਨਿਕ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਸੀ। ਪਰਿਵਾਰ ਵਲੋਂ ਬਿਜਲੀ ਕਰੰਟ ਨਾਲ ਮੌਤ ਹੋਣ ਦੇ ਦੋਸ਼ ਲਗਾਏ ਗਏ। ਕਲੀਨਿਕ ਮਾਲਕ 'ਤੇ ਦੋਸ਼ ਲਗਾਏ ਕਿ ਉਸ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ। ਮ੍ਰਿਤਕ ਦੀ ਬਾਂਹ ਉਪਰ ਬਿਜਲੀ ਕਰੰਟ ਦੇ ਨਿਸਾ਼ਨ ਦਿਖਾਉਂਦਿਆਂ ਪਰਿਵਾਰ ਨੇ ਕਲੀਨਿਕ ਮਾਲਕ ਉਪਰ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬਰਨਾਲਾ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ: ਇਸ ਮੌਕੇ ਮ੍ਰਿਤਕ ਦੇ ਪੁੱਤਰ ਨੇ ਕਿਹਾ ਉਸ ਦੀ ਮਾਤਾ ਅੰਬੇ ਡੈਂਟਲ ਕਲੀਨਿਕ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਸੀ। ਅੱਜ ਉਹਨਾਂ ਨੂੰ ਫ਼ੋਨ ਆਇਆ ਕਿ ਉਸ ਦੀ ਮਾਤਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਅਤੇ ਉਸਦੀ ਮਾਤਾ ਦੀ ਮ੍ਰਿਤਕ ਦੇਹ ਘਰ ਛੱਡ ਗਏ। ਉਸ ਤੋਂ ਹਸਪਤਾਲ ਵਾਲੇ ਕੁੱਝ ਕਾਗਜ਼ਾਂ ਉਪਰ ਵੀ ਸਾਈਨ ਕਰਕੇ ਲੈ ਗਏ। ਉਹਨਾਂ ਕਿਹਾ ਕਿ ਬਾਅਦ ਵਿੱਚ ਦੇਖਣ ਤੋਂ ਪਤਾ ਲੱਗਿਆ ਕਿ ਮੇਰੀ ਮਾਤਾ ਦੀ ਮੌਤ ਬਿਜਲੀ ਕਰੰਟ ਲੱਗਣ ਨਾਲ ਹੋਈ ਅਤੇ ਮਾਤਾ ਦੀ ਬਾਂਹ ਵੀ ਮੱਚੀ ਹੋਈ ਸੀ। ਉਹਨਾਂ ਕਿਹਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਹਸਪਤਾਲ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਨਸਾਫ਼ ਨਾ ਮਿਲਿਆ ਤਾਂ ਲਾਵਾਂਗੇ ਧਰਨਾ: ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਮੁਹੱਲੇ ਦੇ ਲੋਕ ਵੀ ਆ ਗਏ ਹਨ। ਲੋਕਾਂ ਨੇ ਕਿਹਾ ਕਿ ਪੀੜਤ ਪਰਿਵਾਰ ਨਾਲ ਕਲੀਨਿਕ ਵਾਲਿਆਂ ਨੇ ਧੋਖਾ ਕੀਤਾ ਹੈ। ਮ੍ਰਿਤਕ ਔਰਤ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਅਤੇ ਕਲੀਨਿਕ ਵਾਲਿਆਂ ਨੇ ਪਰਿਵਾਰ ਨੂੰ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸ ਦਿੱਤਾ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਕਲੀਨਿਕ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿੰਨਾਂ ਸਮਾਂ ਕਲੀਨਿਕ ਵਾਲਿਆਂ ਉਪਰ ਕਾਰਵਾਈ ਨਹੀਂ ਹੁੰਦੀ, ਉਹ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮ੍ਰਿਤਕ ਦੇਹ ਕਲੀਨਿਕ ਅੱਗੇ ਰੱਖ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।