ਚੰਡੀਗੜ੍ਹ:ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਦੀਆਂ ਦੋ ਹੋਰ ਸੀਟਾਂ ਉਤੇ ਉਮੀਦਵਾਰਾਂ ਦਾ ਐਲ਼ਾਨ ਕੀਤਾ ਗਿਆ। ਬਸਪਾ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ ਅਤੇ ਗੁਰਦਾਸਪੁਰ ਤੋਂ ਇੰਜ. ਰਾਜਕੁਮਾਰ ਮਜੋਤਰਾ ਨੂੰ ਉਮੀਦਵਾਰ ਐਲਾਨਿਆ ਹੈ।
ਜਲਦ ਸਾਰੇ ਉਮੀਦਵਾਰਾਂ ਦਾ ਐਲਾਨ:ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਵਿਪੁਲ ਕੁਮਾਰ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰ ਐਲਾਨ ਦਿਤੇ ਜਾਣਗੇ। ਇਸ ਦੌਰਾਨ ਸਾਰੇ ਉਮੀਦਵਾਰਾਂ ਦੇ ਪੈਨਲ ’ਤੇ ਅੰਤਿਮ ਫੈਸਲਾ ਮਾਇਆਵਤੀ ਵਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਫਰੀਦਕੋਟ ਤੋਂ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਬਸਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਹਨ ਅਤੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ।
ਗੁਰਦਾਸਪੁਰ ਤੋਂ ਇਹ ਹੈ ਉਮੀਦਵਾਰ: ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਬਾਰੇ ਬੋਲਦਿਆਂ ਕਿਹਾ ਕਿ ਇੰਜੀਨੀਅਰ ਰਾਜ ਕੁਮਾਰ ਜਨੋਤਰਾ ਮਹਾਸ਼ਾ ਭਾਈਚਾਰੇ ਤੋਂ ਅਤੇ ਆਲ ਇੰਡੀਆ ਮਹਾਸ਼ਾ ਏਕਤਾ ਮੰਚ ਦੇ ਪ੍ਰਧਾਨ ਵੀ ਹਨ। ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਵੇਲੇ 1985, 1989 ,1992 ਅਤੇ 1996 ਦੀ ਲੋਕ ਸਭਾ ਚੋਣ ਵਿਚ ਮਹਾਸ਼ਾ ਭਾਈਚਾਰੇ ਦੇ ਧਰਮ ਚੰਦ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚਾਰ ਵਾਰ ਚੋਣ ਲੜਾਈ ਗਈ ਅਤੇ 30 ਸਾਲ ਬਾਅਦ ਬਹੁਜਨ ਸਮਾਜ ਪਾਰਟੀ ਨੇ ਮੁੜ ਤੋਂ ਮਹਾਸ਼ਾ ਭਾਈਚਾਰੇ ਨੂੰ ਪੂਰੇ ਪੰਜਾਬ ਵਿਚ ਲਾਮਬੰਦੀ ਕਰਨ ਲਈ ਗੁਰਦਾਸਪੁਰ ਦੀ ਟਿਕਟ ਦਿਤੀ ਹੈ।
ਸੱਤ ਉਮੀਦਵਾਰਾਂ ਦਾ ਹੋ ਚੁੱਕਿਆ ਐਲਾਨ:ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵਲੋਂ ਸੱਤ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿਚ ਪਹਿਲਾਂ ਐਲਾਨੇ ਗਏ ਪੰਜ ਉਮੀਦਵਾਰਾਂ ਵਿਚ ਹੁਸ਼ਿਆਰਪੁਰ ਤੋਂ ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲਾ ਤੋਂ ਜਗਜੀਤ ਛੜਬੜ ਅਤੇ ਜਲੰਧਰ ਤੋਂ ਬਲਵਿੰਦਰ ਕੁਮਾਰ ਸ਼ਾਮਲ ਹਨ।