ਪੰਜਾਬ

punjab

ETV Bharat / state

ਬਰਨਾਲਾ ਪੁਲਿਸ ਨੇ ਟਰੱਕ ਡਰਾਇਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਪਤੀ-ਪਤਨੀ ਕੀਤੇ ਕਾਬੂ - Murder Mystery Solved

ਬੀਤੇ ਦਿਨੀਂ ਬਰਨਾਲਾ 'ਚ ਇੱਕ ਟਰੱਕ ਡਰਾਇਵਰ ਦੀ ਭੇਦਭਰੇ ਹਲਾਤਾਂ 'ਚ ਲਾਸ਼ ਟਰੱਕ ਵਿਚੋਂ ਬਰਾਮਦ ਹੋਈ ਸੀ। ਜਿਸ ਨੂੰ ਲੈਕੇ ਪੁਲਿਸ ਨੇ ਸਫ਼ਲਤਾ ਹਾਸਿਲ ਕੀਤੀ ਹੈ ਤੇ ਇਸ ਮਾਮਲੇ 'ਚ ਮੁਲਜ਼ਮ ਜੋੜੇ ਨੂੰ ਕਾਬੂ ਕੀਤਾ ਹੈ।

ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਹੱਲ
ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਹੱਲ (ETV BHARAT)

By ETV Bharat Punjabi Team

Published : Jun 15, 2024, 5:59 PM IST

ਟਰੱਕ ਡਰਾਇਵਰ ਦੇ ਕਤਲ ਦੀ ਗੁੱਥੀ ਹੱਲ (ETV BHARAT)

ਬਰਨਾਲਾ:ਪਿਛਲੇ ਦਿਨੀਂ ਹੋਏ ਟਰੱਕ ਡਰਾਇਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਬਰਨਾਲਾ ਪੁਲਿਸ ਨੇ ਸੁਲਝਾ ਲਈ ਹੈ। ਇੱਕ ਹਫ਼ਤਾ ਪਹਿਲਾਂ ਬਠਿੰਡਾ-ਬਰਨਾਲਾ ਹਾਈਵੇ ਉਪਰ ਟਰੱਕ ਵਿੱਚੋਂ ਡਰਾਇਵਰ ਦੀ ਮ੍ਰਿਤਕ ਦੇਹ ਮਿਲੀ ਸੀ। ਜਿਸ 'ਚ ‌ਇੱਕ ਜਵਾਨ ਪਤੀ-ਪਤਨੀ ਨੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਦੱਸਿਆ ਜਾ ਰਿਹਾ ਕਿ‌ ਲੁੱਟ ਦੀ ਨੀਅਤ ਨਾਲ ਪਹਿਲਾਂ ਟਰੱਕ ਵਿੱਚ ਲਿਫ਼ਟ ਲੈ ਕੇ ਸਵਾਰ ਹੋਏ ਅਤੇ ਬਾਅਦ ਵਿੱਚ ਲੁੱਟਣ ਮੌਕੇ ਡਰਾਇਵਰ ਨਾਲ ਝੜਪ ਹੋਈ ਸੀ। ਝੜਪ ਦੌਰਾਨ ਡਰਾਇਵਰ ਦੇ ਸਿਰ ਵਿੱਚ ਲੋਹੇ ਦਾ ਪਾਨਾ ਮਾਰ ਕੇ ਕਤਲ ਕੀਤਾ ਸੀ। ਪੁਲਿਸ ਨੇ ਦੋਵੇਂ ਦੋਸ਼ੀ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਲਜ਼ਮਾਂ ਤੋਂ ਵਾਰਦਾਤ ਦੌਰਾਨ ਵਰਤਿਆਂ ਹਥਿਆਰ ਪਾਨਾ, ਟਰੱਕ ਡਰਾਇਵਰ ਦਾ ਫ਼ੋਨ ਬਰਾਮਦ ਕਰ ਲਿਆ ਹੈ।

ਪਤੀ- ਪਤਨੀ ਨੇ ਕੀਤੀ ਸੀ ਵਾਰਦਾਤ: ਇਸ ਮੌਕੇ ਐਸਪੀ ਸੰਦੀਪ ਸਿੰਘ ਨੇ ਦੱਸਿਆ ਕਿ 7 ਜੂਨ ਨੂੰ ਰਾਤ ਸਮੇਂ ਬਰਨਾਲਾ-ਬਠਿੰਡਾ ਹਾਈਵੇ ਉਪਰ ਇੱਕ ਟਰੱਕ ਵਿੱਚ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਸੀ। ਮ੍ਰਿਤਕ ਵਿਅਕਤੀ ਯੂਪੀ ਦਾ ਰਹਿਣ ਵਾਲਾ ਸੀ। ਇਸ ਸਬੰਧੀ ਪੁਲਿਸ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਜਾਂਚ ਕੀਤੀ ਗਈ। ਇਸ ਅੰਨ੍ਹੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਤੇਜਿੰਦਰ ਸਿੰਘ ਇੱਕ ਸੁਦਰਸ਼ਨ ਕੈਰੀਅਰ ਕੰਪਨੀ ਵਿੱਚ ਡਰਾਇਵਰ ਦੇ ਤੌਰ 'ਤੇ ਕੰਮ ਕਰਦਾ ਸੀ। ਇਹ ਨੋਇਡਾ ਤੋਂ ਚੱਲ ਕੇ ਬਠਿੰਡਾ ਵਿਖੇ ਆਪਣੀ ਗੱਡੀ ਨੂੰ ਖਾਲੀ ਕਰਨ ਆਇਆ ਸੀ। ਜਦੋਂ ਇਹ ਬਠਿੰਡਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਤਾਂ ਬਠਿੰਡਾ-ਬਰਨਾਲਾ ਹਾਈਵੇ ਉਪਰ ਇਸ ਤੋਂ ਇੱਕ ਔਰਤ ਅਤੇ ਇੱਕ ਵਿਅਕਤੀ ਨੇ ਲਿਫ਼ਟ ਲੈ ਕੇ ਟਰੱਕ ਉਪਰ ਚੜ੍ਹ ਗਏ। ਇਹ ਦੋਵੇਂ ਆਪਸ ਵਿੱਚ ਪਤੀ-ਪਤਨੀ ਹਨ, ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਰਜ਼ ਮਹਿਮਾ ਦੇ ਰਹਿਣ ਵਾਲੇ ਹਨ।

ਲੁੱਟ ਦੀ ਨੀਅਤ ਨਾਲ ਕੀਤਾ ਕਾਰਾ: ਇਸ ਤੋਂ ਬਾਅਦ ਇਹਨਾਂ ਨੇ ਟਰੱਕ ਡਰਾਇਵਰ ਨੂੰ ਲੁੱਟਣ ਦੀ ਕੋਸਿਸ਼ ਕੀਤੀ। ਇਸ ਦੌਰਾਨ ਇਹਨਾਂ ਦੀ ਟਰੱਕ ਡਰਾਇਵਰ ਨਾਲ ਝਟਪ ਹੋ ਗਈ ਅਤੇ ਇਹਨਾਂ ਨੇ ਇੱਕ ਨੱਟ ਖੋਲ੍ਹਣ ਵਾਲਾ ਪਾਨਾ ਚੱਕ ਕੇ ਡਰਾਇਵਰ ਦੇ ਸਿਰ ਵਿੱਚ ਮਾਰਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਦੋਸ਼ੀਆਂ ਤੋਂ ਟਰੱਕ ਡਰਾਇਵਰ ਦਾ ਫ਼ੋਨ ਅਤੇ ਵਾਰਦਾਤ ਮੌਕੇ ਵਰਤਿਆ ਪਾਨਾ ਬਰਾਮਦ ਹੋ ਗਿਆ ਹੈ। ਇਹਨਾਂ ਮੁਲਜ਼ਮਾਂ ਨੇ ਡਰਾਇਵਰ ਤੋਂ 1500 ਰੁਪਏ ਲੁੱਟੇ ਸਨ। ਉਹਨਾਂ ਦੱਸਿਆ ਕਿ ਮੁਲਜ਼ਮ ਵਿਅਕਤੀ ਪਹਿਲਾਂ ਖ਼ੁਦ ਟਰੱਕ ਚਲਾਉਂਦਾ ਰਿਹਾ ਹੈ ਅਤੇ ਇਹਨਾਂ ਵਿਰੁੱਧ ਪਹਿਲਾਂ ਕੋਈ ਮਾਮਲਾ ਦਰਜ਼ ਨਹੀਂ ਹੈ। ਉਹਨਾਂ ਕਿਹਾ ਕਿ ਦੋਵੇਂ ਪਤੀ-ਪਤਨੀ ਜਵਾਨ ਹਨ ਅਤੇ ਪੁਲਿਸ ਮਾਮਲੇ ਦੀ ਹੋਰ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ABOUT THE AUTHOR

...view details