ਬਰਨਾਲਾ 'ਚ ਕਰੀਬ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ (barnala police raid the factory on naiwala) ਬਰਨਾਲਾ:ਨਸ਼ੇ ਅਤੇ ਪਾਬੰਦੀਸ਼ੂਦਾ ਦਵਾਈਆਂ ਖਿਲਾਫ਼ ਪੰਜਾਬ ਪੁਲਿਸ ਸਖ਼ਤ ਦਿਖਾਈ ਦੇ ਰਹੀ ਹੈ। ਇਸੇ ਦੇ ਚੱਲਦੇ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਨਾਈਵਾਲਾ ਰੋਡ ਬਰਨਾਲਾ ਵਿਖੇ ਬਣੀ ਫੈਕਟਰੀ 'ਚ ਰੇਡ 'ਚ ਪੁਲਿਸ ਨੇ ਡਰੱਗ ਕੰਟਰੋਲ ਅਫ਼ਸਰ ਬਰਨਾਲਾ ਦੀ ਟੀਮ ਨਾਲ ਮਿਲ ਕੇ ਰੇਡ ਕੀਤੀ। ਇਸ ਰੇਡ ਦੌਰਾਨ ਅੰਦਾਜਨ 1.16 ਕਰੋੜ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ ਕੀਤੀਆਂ ਹਨ।
ਕੀ-ਕੀ ਬਰਾਮਦ ਹੋਇਆ: ਇਸ ਰੇਡ ਦੌਰਾਨ ਨਸ਼ਿਆਂ ਲਈ ਵਰਤੇ ਜਾਂਦੇ ਪਾਬੰਦੀਸ਼ੁਦਾ 95 ਹਜ਼ਾਰ ਪ੍ਰੈ-ਗੈਬਲਿਨ 300 ਐਮਜੀ (ਸਿਗਨੇਚਰ) ਬਰਾਮਦ ਅਤੇ 2.17 ਲੱਖ ਟਪੈਂਟਾਡੋਲ ਕੈਪਸੂਲ ਬਰਾਮਦ ਕੀਤੇ ਹਨ। ਜਿਸਨੂੰ ਬਨਾਉਣ ਦੀ ਫ਼ੈਕਟਰੀ ਕੋਲ ਆਗਿਆ ਵੀ ਨਹੀਂ ਸੀ। ਫ਼ੈਕਟਰੀ ਵਿੱਚੋਂ ਪੁਲਿਸ ਨੇ ਕੈਪਸੂਲ ਬਨਾਉਣ ਲਈ ਵਰਤਿਆਂ ਜਾਂਦਾ ਰਾਅ ਮਟੀਰੀਅਲ, ਜਾਅਲੀ ਸਟੈਂਪਾਂ, ਇੱਕ ਕਾਰ ਬਰਾਮਦ ਕੀਤੀ ਹੈ। ਫ਼ੈਕਟਰੀ ਮਾਲਕ, ਉਸਦੀ ਪਤਨੀ ਬਣੇ 8 ਵਿਰੁੱਧ ਕੇਸ ਦਰਜ਼ ਕਰਕੇ ਫ਼ੈਕਟਰੀ ਮਾਲਕ ਸਣੇ 4 ਕਾਬੂ ਕਰ ਲਏ ਹਨ।
ਡੀਐਸਪੀ ਨੇ ਕੀ ਕਿਹਾ:ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਲਗਾਤਾਰ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਜਿਸ ਤਹਿਤ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਅੱਜ ਦੀ ਘੜੀ ਸਿਗਨੇਚਰ ਨਾਮ ਦੇ ਕੈਪਸੂਲ ਜੋ ਨਸ਼ੇ ਦੇ ਤੌਰ ਉਪਰ ਵਰਤੇ ਜਾਂਦੇ ਹਨ। ਜਿਸ ਕਾਰਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਵਲੋਂ ਇਹਨਾਂ ਕੈਪਸੂਲਾਂ ਉਪਰ ਪਾਬੰਦੀ ਲਗਾਈ ਹੋਈ ਹੈ। ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਬਰਨਾਲਾ ਦੇ ਨਾਈਵਾਲਾ ਰੋਡ ਉਪਰ ਇੱਕ ਅਲਜਾਨ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਮ ਦੀ ਫ਼ੈਕਟਰੀ ਵਿੱਚ ਇਹ ਪਾਬੰਦੀਸ਼ੁਦਾ ਕੈਪਸੂਲ ਤਿਆਰ ਕੀਤੇ ਜਾਂਦੇ ਨੇ ਜਿਸਨੂੰ ਤਿਆਰ ਕਰਨ ਦੀ ਇਹਨਾਂ ਕੋਲ ਕੋਈ ਮਨਜ਼ੂਰੀ ਵੀ ਨਹੀਂ ਹੈ। ਇਸਦਾ ਇਹਨਾਂ ਕੋਲ ਕੋਈ ਲਾਇੰਸਸ ਵੀ ਨਹੀਂ ਹੈ। ਉਹਨਾਂ ਕਿਹਾ ਕਿ ਉਕਤ ਅਲਜਾਨ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਦੇ ਮਾਲਕ ਵਿਰੁੱਧ ਪੰਜਾਬ ਪੁਲਿਸ ਦੀ ਐਸਟੀਐਫ਼ ਕੋਲ ਸਿਕਾਇਤਾਂ ਹਨ ਅਤੇ ਇਸ ਵਿਰੁੱਧ ਪਹਿਲਾਂ ਵੀ ਕੇਸ ਦਰਜ਼ ਹਨ।
ਕਿਸ 'ਤੇ ਮੁੱਕਦਮਾ ਦਰਜ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ੈਕਟਰੀ ਦਾ ਮਾਲਕ ਸਿਸੂ ਪਾਲ, ਦਿਨੇਸ਼ ਬਾਂਸਲ, ਲਵ ਕੁਸ਼ ਯਾਦਵ, ਸੁਖਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹਨਾਂ ਤੋਂ ਮਹਿੰਦਰਾ ਪਿੱਕਅੱਪ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾਂ ਦੀਆਂ ਹੋਰ ਫ਼ੈਕਟਰੀਆਂ ਅਤੇ ਫ਼ਰਮਾਂ ਉਪਰ ਰੇਡ ਕਰਕੇ ਹੋਰ ਖੁਲਾਸਾ ਹੋਣ ਦੀ ਸੰਭਾਵਨਾ ਹੈ।