ਅੰਮ੍ਰਿਤਸਰ : ਉੱਤਰ ਭਾਰਤ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਮੌਸਮ ਦਾ ਬਦਲਾਅ ਅਜਿਹਾ ਹੋ ਰਿਹਾ ਹੈ ਕਿ ਸਵੇਰ ਅਤੇ ਸ਼ਾਮ ਦੀ ਠੰਡ ਲੋਕਾਂ ਨੂੰ ਕੋਟੀਆਂ ਅਤੇ ਜੈਕਟਾਂ ਪਾਉਣ ਨੂੰ ਮਜਬੂਰ ਕਰ ਰਹੀ ਹੈ। ਉੱਥੇ ਹੀ ਹੁਣ ਧੁੰਦ ਅਤੇ ਧੂੰਏਂ ਦੀ ਇੱਕ ਪਰਤ ਨੇ ਦਿੱਲੀ ਸਣੇ ਪੰਜਾਬ ਨੂੰ ਢੱਕ ਲਿਆ ਹੈ । ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਇੱਥੇ ਧੁੰਦ ਦੀ ਚਾਦਰ ਹੇਠ ਲੋਕ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਨ ਤਾਂ ਉਹਨਾਂ ਨੂੰ ਡਰ ਵੀ ਸਤਾਉਂਦਾ ਹੈ ਕਿ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ।
ਲੋਕਾਂ ਦਾ ਜੀਵਨ ਪ੍ਰਭਾਵਿਤ
ਧੁੰਦ ਅਤੇ ਧੂੰਏਂ ਦੀ ਇੱਕ ਪਰਤ ਨੇ ਬੁੱਧਵਾਰ ਨੂੰ ਪੰਜਾਬ ਆਪਣੀ ਲਪੇਟ ਵਿੱਚ ਲੈ ਲਿਆ ਕਿਉਂਕਿ ਹਵਾ ਦੀ ਗੁਣਵੱਤਾ ਮੱਧਮ ਸਰਦ ਹਵਾਵਾਂ ਅਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਆ ਗਈ ਹੈ। ਉੱਥੇ ਹੀ ਅੰਮ੍ਰਿਤਸਰ, ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਵਧ ਗਿਆ ਹੈ। ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ 'ਚ ਹੈ।। ਅੱਜ ਪਹਿਲੇ ਦਿਨ ਗੁਰੂ ਨਗਰੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਜਿਸ ਦੇ ਚਲਦੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
ਇਥੋਂ ਤੱਕ ਹੀ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਉੱਤੇ ਵਿਜੀਬਿਲਟੀ ਨਾ ਮਾਤਰ ਰਹੀ ਅਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਲੋਕਾਂ ਦਾ ਕਿਹਿਣਾ ਹੈ ਕਿ ਗੱਡੀਆਂ ਚਲਾਉਣ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈ ਰਿਹਾ ਹੈ। ਜੇਕਰ ਲੋਕ ਆਪ ਹੌਲੀ ਵਾਹਨ ਚਲਾ ਰਹੇ ਹਨ ਤਾਂ ਡਰ ਇਹ ਵੀ ਸਤਾਉਂਦਾ ਹੈ ਕਿ ਹੋਰ ਤੇਜ਼ ਰਫਤਾਰ ਵਾਹਨ ਨਾ ਕੋਈ ਨੁਕਸਾਨ ਕਰ ਦੇਵੇ।