ਅੰਮ੍ਰਿਤਸਰ: ਅੱਜ ਅੰਮ੍ਰਿਤਸਰ ਦੇ ਪਿੰਡ ਜਲੂਪੁਰ ਖੈੜਾ ਦੇ ਵਿੱਚ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਸਮਰਥਕਾਂ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਹੈ। ਜਿਸ ਵਿੱਚ ਆਉਣ ਵਾਲੇ ਦਿਨ੍ਹਾਂ ਦਰਮਿਆਨ ਪੰਜਾਬ ਦੀ ਇੱਕ ਖੇਤਰੀ ਪਾਰਟੀ ਦੇ ਐਲਾਨ ਕੀਤੇ ਜਾਣ ਸਬੰਧੀ ਵਿਚਾਰ ਚਰਚਾ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਇੱਕ ਖੇਤਰੀ ਪਾਰਟੀ ਬਣਾਉਣ ਦੇ ਸਬੰਧੀ ਵਿਚਾਰ ਚਰਚਾ ਚੱਲ ਰਹੀ ਸੀ। ਅੱਜ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹੁਣ ਇਹ ਸਮੇਂ ਦੀ ਮੰਗ ਬਣ ਚੁੱਕੀ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਸ਼ਖਸ਼ੀਅਤਾਂ ਇਸ ਮੀਟਿੰਗ ਵਿੱਚ ਪਹੁੰਚੀਆਂ ਹਨ।
ਸਮਰਥਕਾਂ ਵੱਲੋਂ ਨਵੀਂ ਖੇਤਰੀ ਪਾਰਟੀ ਦਾ ਹੋਵੇਗਾ ਐਲਾਨ (ETV Bharat (ਅੰਮ੍ਰਿਤਸਰ, ਪੱਤਰਕਾਰ)) ਮੀਟਿੰਗ ਦੌਰਾਨ ਖੇਤਰੀ ਪਾਰਟੀ ਦੇ ਨਾਮਾਂ ਤੇ ਚਰਚਾ
ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਖੇਤਰੀ ਪਾਰਟੀ ਦੇ ਨਾਮ ਨੂੰ ਲੈ ਕੇ ਚਰਚਾ ਕਰਦੇ ਹੋਏ ਤਿੰਨ ਨਾਮਾਂ 'ਤੇ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਫਿਲਹਾਲ ਇਹ ਤਿੰਨੋ ਨਾਮ ਗੁਪਤ ਰੱਖੇ ਗਏ ਹਨ। ਜਿਸ ਤੇ ਹਾਜ਼ਰ ਸੰਗਤਾਂ ਵੱਲੋਂ ਇਹ ਫੈਸਲਾ ਟੀਮ ਦੇ ਉੱਤੇ ਛੱਡ ਦਿੱਤਾ ਗਿਆ ਹੈ ਅਤੇ ਹੁਣ 14 ਜਨਵਰੀ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੌਕੇ ਨਵੀਂ ਖੇਤਰੀ ਪਾਰਟੀ ਦਾ ਐਲਾਨ ਹੋਵੇਗਾ।
'ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਸਰਾਸਰ ਧੱਕਾ'
ਇਸ ਦੇ ਨਾਲ ਹੀ ਤਰਸੇਮ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਦਿਨਾਂ ਲਈ ਸੇਵਾਵਾਂ ਤੋਂ ਲਾਂਭੇ ਕੀਤੇ ਜਾਣ ਉੱਤੇ ਕਿਹਾ ਹੈ ਕਿ ਇਹ ਬੇਹਦ ਮੰਦਭਾਗਾ ਹੈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬੀਤੀ 2 ਦਸੰਬਰ ਨੂੰ ਲਏ ਗਏ ਫੈਸਲੇ ਨੂੰ ਵਾਪਸ ਕਰਵਾਉਣ ਦੀ ਇੱਛਾ ਰੱਖਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਹ ਵਿੱਚ ਅੜਿੱਕਾ ਸਮਝਦੇ ਹੋਏ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੀ ਕਿ ਉਹ ਨਿਖੇਧੀ ਕਰਦੇ ਹਨ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਪੱਤਰ ਵੀ ਸੌਂਪਿਆ ਗਿਆ ਹੈ। ਤਰਸੇਮ ਸਿੰਘ ਨੇ ਕਿਹਾ ਕਿ 'ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਸਰਾਸਰ ਧੱਕਾ ਅਤੇ ਉਨ੍ਹਾਂ ਦੀ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ।'
'ਗਲਤ ਪ੍ਰੋਪਗੰਡਾ ਕਰਨ ਵਾਲੇ ਲੀਡਰਾਂ ਨੂੰ ਮੰਗਣੀ ਚਾਹੀਦੀ ਹੈ ਮੁਆਫੀ'
ਉੱਥੇ ਹੀ ਤਰਸੇਮ ਸਿੰਘ ਨੇ ਕਿਹਾ ਕਿ 'ਧਾਮੀ ਵੱਲੋਂ ਬੀਬੀ ਜਗੀਰ ਕੌਰ ਨੂੰ ਗਾਲਾਂ ਕੱਢਣ 'ਤੇ ਤਾਂ ਅੰਤ੍ਰਿੰਗ ਕਮੇਟੀ ਐਕਸ਼ਨ ਨਹੀਂ ਲੈਅ ਰਹੀ। ਅਕਾਲੀ ਦਲ ਵਲੋਂ ਬੀਬੀ ਸਤਵੰਤ ਕੌਰ ਜੋ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਹੈ, ਉਨ੍ਹਾਂ ਬਾਰੇ ਨਰਾਇਣ ਸਿੰਘ ਚੌੜਾ ਦੇ ਨਾਲ ਜੋੜ ਕੇ ਕਈ ਗਲਤ ਪ੍ਰੋਪਗੰਡਾ ਕਰਨ ਵਾਲੇ ਲੀਡਰਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਹ ਪੰਥ ਦੀ ਧੀ ਹੈ ਅਤੇ ਉਨ੍ਹਾਂ 'ਤੇ ਕਿਸੇ ਤਰਾਂ ਦਾ ਕਿੰਤੂ ਪ੍ਰੰਤੂ ਨਹੀਂ ਹੋਣ ਦੇਵਾਂਗੇ।'