ਅੰਮ੍ਰਿਤਸਰ:ਅੰਮ੍ਰਿਤਸਰ ਦੇ ਲੋਕਾਂ ਦੇ ਕੰਨੀਂ ਜਦੋਂ-ਜਦੋਂ ਰੇਲ ਦੀ ਗੂੰਜ ਪੈਂਦੀ ਹੈ ਤਾਂ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ। ਆਸਮਾਨ ਰੋਂਦਾ ਤੇ ਧਰਤੀ ਕੁਰਲਾਉਂਦੀ ਹੈ। ਚੀਕਾਂ ਦੀ ਆਵਾਜ਼ ਦਿਲ ਨੂੰ ਛੱਲਣੀ ਕਰਦੀ ਹੈ। 19 ਅਕਤੂਬਰ 2018 ਦੀ ਉਹ ਮੰਦਭਾਗੀ ਸ਼ਾਮ ਜਦੋਂ ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਵੱਡੀ ਗਿਣਤੀ 'ਚ ਲੋਕ ਦੁਸ਼ਹਿਰੇ 'ਤੇ ਰਾਵਣ ਦਹਿਨ ਦੇਖ ਰਹੇ ਸੀ ਤਾਂ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਇਸ ਰਾਵਣ ਦੇ ਨਾਲ-ਨਾਲ ਹੋਰ ਕਿੰਨੀਆਂ ਲਾਸ਼ਾਂ ਨੂੰ ਅਗਨੀ ਦੇਣੀ ਪਵੇਗੀ।
ਜਦੋਂ ਵੀ ਅਕਤੂਬਰ ਮਹੀਨਾ ਆਉਂਦਾ ਤਾਂ ਉਸ ਡਰਾਵਣੀ ਸ਼ਾਮ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀਆਂ ਹਨ। ਉਸ ਕਾਲੀ ਅਤੇ ਹਨੇਰੀ ਸ਼ਾਮ ਦੀਆਂ ਤਸਵੀਰਾਂ ਰੌਂਗਟੇ ਖੜ੍ਹ ਕਰ ਦਿੰਦੀਆਂ ਹਨ। ਦੁਸ਼ਹਿਰੇ ਵਾਲੇ ਦਿਨ ਵਾਪਰੀ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਅੰਮ੍ਰਿਤਸਰ ਦਾ ਜੋੜਾ ਰੇਲਵੇ ਫਾਟਕ ਮੌਤ ਦਾ ਖੂਹ ਬਣ ਗਿਆ। ਟ੍ਰੇਨ ਹਾਦਸੇ ਵਿਚ ਕਰੀਬ 58 ਲੋਕ ਮਾਰੇ ਗਏ ਅਤੇ ਕਰੀਬ 60 ਤੋਂ ਵੱਧ ਲੋਕ ਜ਼ਖ਼ਮੀ ਹੋਏ। ਰਾਵਣ ਦੇਖਣ ਆਏ ਰੇਲਵੇ ਟ੍ਰੇਕ ਉਤੇ ਖੜ੍ਹੇ ਲੋਕਾਂ ਨੂੰ ਟ੍ਰੇਨ ਨੇ ਕੁਚਲ ਦਿੱਤਾ ਅਤੇ ਦੇਖਦੇ ਹੀ ਦੇਖਦੇ ਚਾਰੇ ਪਾਸੇ ਖੂਨ ਨਾਲ ਲੱਥ-ਪੱਥ ਹੋਈਆਂ ਲਾਸ਼ਾਂ ਦੇ ਢੇਰ ਦਿਖਾਈ ਦਿੱਤੇ। ਇੱਥੋਂ ਤੱਕ ਕਿ ਇਸ ਹਾਦਸੇ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਦਲਵੀਰ ਸਿੰਘ ਵੀ ਆਪਣੀ ਜਾਨ ਨਹੀਂ ਬਚਾ ਸਕੇ।
ਅੱਜ ਵੀ ਜ਼ਖਮ ਅੱਲ੍ਹੇ
ਜੋੜਾ ਫ਼ਾਟਕ ਹਾਦਸੇ ਦੇ 7 ਸਾਲ ਬੀਤਣ ਮਗਰੋਂ ਵੀ ਜ਼ਖਮ ਅੱਲ੍ਹੇ ਹਨ। ਅੱਜ ਜਦੋਂ ਉਸ ਭਿਆਨਕ ਹਾਦਸੇ ਦੇ ਗਵਾਹਾਂ ਅਤੇ ਪੀੜਤਾਂ ਤੋਂ ਉਸ ਹਾਦਸੇ ਅਤੇ ਆਪਣਿਆਂ ਨੂੰ ਖੋਹਣ ਦੇ ਦਰਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਦਰਦ ਅੱਖਾਂ 'ਚੋਂ ਹੰਝੂ ਬਣ ਛਲਕ ਗਿਆ। ਜਿਵੇਂ-ਜਿਵੇਂ ਪੀੜਤ ਆਪਣੀ ਦਰਦ ਭਰੀ ਦਾਸਤਾਨ ਨੂੰ ਬਿਆਨ ਕਰਦੇ ਨੇ, ਉਵੇਂ-ਉਵੇਂ ਉਹ ਦ੍ਰਿਸ਼ ਅੱਖਾਂ ਅੱਗੇ ਆ ਜਾਂਦੇ ਹਨ।
"ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਬਹੁਤ ਪੀੜਾ ਹੁੰਦੀ ਹੈ।ਜਿਨ੍ਹਾਂ ਨੇ ਸਾਨੂੰ ਆਪਣੇ ਮੋਢਿਆਂ ਉਤੇ ਸਿਵਿਆਂ ਵਿੱਚ ਛੱਡ ਕੇ ਆਉਣਾ ਸੀ, ਇਸ ਹਾਦਸੇ ਕਾਰਨ ਅਸੀਂ ਉਨ੍ਹਾਂ ਨੂੰ ਸਿਵਿਆਂ ਵਿੱਚ ਛੱਡ ਕੇ ਆਏ ਹਾਂ।ਜਿਸ ਪਿਤਾ ਲਈ ਉਸ ਦੇ ਜਵਾਨ ਪੁੱਤਰ ਨੂੰ ਮੋਢਾ ਦੇਣਾ ਪੈ ਜਾਵੇ, ਉਸ ਤੋਂ ਵੱਡਾ ਦਰਦ ਇੱਕ ਪਿਤਾ ਲਈ ਹੋਰ ਕੀ ਹੋ ਸਕਦਾ ਹੈ"-ਮੁਕੇਸ਼ ਕੁਮਾਰ, ਪੀੜਤ