ਲੁਧਿਆਣਾ:ਭਾਜਪਾ ਵੱਲੋਂ ਇੱਕ ਵਿਸ਼ਾਲ ਰੈਲੀ ਲੁਧਿਆਣਾ 'ਚ ਕੀਤੀ ਗਈ, ਜਿਸ ਨੂੰ ਸੰਬੋਧਿਤ ਕਰਨ ਲਈ ਅਮਿਤ ਸ਼ਾਹ ਪਹੁੰਚੇ। ਜਿਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਜੈਕਾਰੇ ਲਗਾ ਕੇ ਕੀਤੀ ਅਤੇ ਨਾਲ ਹੀ ਗੁਰੂਆਂ ਨੂੰ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਜੋ ਹਿੰਦੂ ਅਤੇ ਸਿੱਖ ਨੂੰ ਲੜਾਉਣ ਦੀ ਗੱਲ ਕਰ ਰਹੇ ਹਨ, ਉਹ ਭੁੱਲ ਗਏ ਹਨ ਕਿ ਨੌਵੇਂ ਗੁਰੂ ਦੇ ਕਰਕੇ ਹੀ ਸਾਡੀ ਹੋਂਦ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ। ਕਿਹਾ ਜਿਨਾਂ ਨੇ ਰਵਨੀਤ ਬਿੱਟੂ ਦੇ ਦਾਦੇ ਦਾ ਕਤਲ ਕੀਤਾ, ਉਸ ਨੂੰ ਅਸੀਂ ਮੁਆਫ ਨਹੀਂ ਕਰ ਸਕਦੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਵਨੀਤ ਬਿੱਟੂ ਇਥੋਂ ਜਿਤਾ ਕੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਭੇਜੋ ਤੇ ਉਸ ਨੂੰ ਵੱਡਾ ਆਦਮੀ ਮੈਂ ਬਣਾਊਂਗਾ। ਉਹਨਾਂ ਕਿਹਾ ਕਿ 6 ਜੂਨ ਨੂੰ ਕੇਜਰੀਵਾਲ ਜੇਲ੍ਹ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਬੈਂਕੋਕ ਘੁੰਮਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਰਮੀ ਦੇ ਵਿੱਚ ਰਾਹੁਲ ਬਾਬਾ ਥਾਈਲੈਂਡ ਅਤੇ ਬੈਂਕਕਾਕ ਚਲੇ ਜਾਂਦੇ ਹਨ। ਦੂਜੇ ਪਾਸੇ ਉਹ ਨਰੇਂਦਰ ਮੋਦੀ ਹੈ ਜੋ ਦੀਵਾਲੀ ਵਾਲੇ ਦਿਨ ਵੀ ਛੁੱਟੀ ਨਹੀਂ ਕਰਦਾ ਤੇ ਦੇਸ਼ ਦੇ ਜਵਾਨਾਂ ਦੇ ਨਾਲ ਦੀਵਾਲੀ ਮਨਾਉਂਦਾ ਹੈ।
ਇੰਡੀਆ ਗਠਜੋੜ 'ਤੇ ਸਵਾਲ:ਅਮਿਤ ਸ਼ਾਹ ਨੇ ਸਵਾਲ ਖੜੇ ਕੀਤੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਗਠਜੋੜ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ। ਉਹਨਾਂ ਕਿਹਾ ਕਿ ਇੰਡੀਆ ਗਠਬੰਧਨ ਦਾ ਇਤਿਹਾਸ ਜਾਨਣ ਦੀ ਤੁਹਾਨੂੰ ਲੋੜ ਹੈ। ਉਹਨਾਂ ਕਿਹਾ ਕਿ 12 ਲੱਖ ਕਰੋੜ ਦੇ ਇਹ ਘਪਲੇ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਨਰੇਂਦਰ ਮੋਦੀ 23 ਸਾਲ ਤੋਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਬਣੇ ਹਨ ਤੇ ਇਕ ਰੁਪਏ ਦਾ ਵੀ ਉਹਨਾਂ 'ਤੇ ਕੋਈ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈ। ਉਹਨਾਂ ਕਿਹਾ ਕਿ ਇਹ ਚੋਣਾਂ ਜਿੱਤਣ ਦੇ ਲਈ ਹਿੰਦੂ ਸਿੱਖ ਦੀ ਗੱਲ ਕਰ ਰਹੇ ਹਨ, ਜਦੋਂ ਕਿ ਨਰੇਂਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬਣਾਇਆ ਤੇ ਨਾਲ ਹੀ ਰਾਮ ਮੰਦਿਰ ਵੀ ਬਣਾਇਆ। ਉਹਨਾਂ ਫਿਰ ਕਿਹਾ ਕਿ ਜੇਕਰ ਦੇਸ਼ ਦੀ ਆਜ਼ਾਦੀ ਦੇ ਸਮੇਂ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਪਾਕਿਸਤਾਨ ਦੇ ਵਿੱਚ ਨਹੀਂ ਸਗੋਂ ਪੰਜਾਬ ਦੇ ਵਿੱਚ ਹੁੰਦਾ ਭਾਰਤ ਦੇ ਵਿੱਚ ਹੁੰਦਾ। ਉਹਨਾਂ ਕਿਹਾ ਕਿ ਕਰਤਾਰਪੁਰ ਦੀ ਗੱਲ ਕਾਂਗਰਸ ਸਰਕਾਰ ਨੇ ਕਦੇ ਕੀਤੀ ਹੀ ਨਹੀਂ। ਕਈ ਵਾਰ ਪਾਕਿਸਤਾਨ ਦੇ ਨਾਲ ਲੜਾਈ ਹੋਈ ਅਤੇ ਕਈ ਵਾਰ ਅਸੀਂ ਜਿੱਤੇ ਵੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਇਸ ਦੀ ਮੰਗ ਨਹੀਂ ਦਿੱਤੀ। ਉਹਨਾਂ ਕਿਹਾ ਕਿ ਅਸੀਂ ਕਾਸ਼ੀ ਵਿਸ਼ਵਨਾਥ ਅਤੇ ਨਾਲ ਹੀ ਸੋਮਨਾਥ ਮੰਦਿਰ ਦਾ ਕੰਮ ਵੀ ਕਰਵਾਇਆ।
ਕਸ਼ਮੀਰ 'ਤੇ ਸਾਡਾ ਹੱਕ:ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇਸ਼ ਵਿੱਚੋਂ ਅੱਤਵਾਦ ਦਾ ਖਾਤਮਾ ਨਰੇਂਦਰ ਮੋਦੀ ਨੇ ਕੀਤਾ ਹੈ। ਉਹਨਾਂ ਫਿਰ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਕਬਜ਼ੇ ਦਾ ਕਸ਼ਮੀਰ ਭਾਰਤ ਦਾ ਹੈ। ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਨੂੰ ਡਰਾ ਰਹੀ ਹੈ ਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਨਾ ਮੰਗੇ ਕਿਉਂਕਿ ਉਹਨਾਂ ਕੋਲ ਪਰਮਾਣੂ ਬੰਬ ਹੈ ਤਾਂ ਉਹਨਾਂ ਕਿਹਾ ਕਿ ਭਾਰਤ ਪਰਮਾਣੂ ਬੰਬ ਤੋਂ ਡਰਨ ਵਾਲਾ ਨਹੀਂ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕਾਬਜ਼ ਕੀਤਾ ਗਿਆ ਕਸ਼ਮੀਰ ਸਾਡਾ ਹੈ ਅਤੇ ਹਮੇਸ਼ਾ ਸਾਡਾ ਰਹੇਗਾ ਅਤੇ ਅਸੀਂ ਉਹ ਹਰ ਹਾਲਤ ਦੇ ਵਿੱਚ ਲੈ ਕੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਸੀਆਈਏ ਲਿਆ ਕੇ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਸਾਡੇ ਭਾਈਚਾਰੇ ਨੂੰ ਲਿਆ ਕੇ ਨਾਗਰਿਕਤਾ ਦਿੱਤੀ ਹੈ। ਉਹਨਾਂ ਕਿਹਾ ਕਿ ਇੱਕ ਰੈਕ ਇਕ ਪੈਨਸ਼ਨ ਦੀ ਮੰਗ ਪੂਰੀ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਦਾਦੀ ਦੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹੀ ਵਨ ਰੈਂਕ ਵਨ ਪੈਨਸ਼ਨ ਦਾ ਕੰਮ ਮੁਕੰਮਲ ਕੀਤਾ।