ਅੰਮ੍ਰਿਤਸਰ: ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਐਲਾਨ ਕਰਨ ਤੋਂ ਬਾਅਦ ਪਾਰਟੀ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਅਜੇ ਤੱਕ ਪਰਵਾਨ ਨਹੀਂ ਕੀਤਾ ਗਿਆ। ਜਿਸ ਨੂੰ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੱਜ ਤਲਖ਼ ਲਹਿਜੇ 'ਚ ਨਜ਼ਰ ਆਏ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਹਰ ਹੁਕਮ ਦੀ ਇਨ ਬਿਨ ਪਾਲਣਾ ਕਰਨਾ ਹਰ ਸਿੱਖ ਦਾ ਫਰਜ਼ ਹੈ, ਇਸ ਵਿੱਚ ਕੋਈ ਵੀ ਆਨਾ ਕਾਨੀ ਨਹੀਂ ਕਰ ਸਕਦਾ। ਇਸ ਲਈ ਜੋ ਅਸਤੀਫੇ ਮਜ਼ਨੂਰ ਕਰਨ ਵਿੱਚ ਦੇਰੀ ਹੋ ਰਹੀ ਹੈ, ਉਹ ਸਹੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਜਲਦ ਤੋਂ ਜਲਦ ਕਰਨੀ ਚਾਹੀਦੀ ਹੈ।
ਅਕਾਲੀ ਦਲ ਦੇ ਰੱਵਈਏ 'ਤੇ ਤਲਖ਼ ਨਜ਼ਰ ਆਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Etv Bharat (ਪੱਤਰਕਾਰ, ਅੰਮ੍ਰਿਤਸਰ)) ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ
ਉੱਥੇ ਹੀ, ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਵੀ ਜਾਂਚਣ ਲਈ ਐਸ ਜੀ ਪੀਸੀ ਕੋਲ ਕੋਈ ਅਧਿਕਾਰ ਨਹੀਂ ਹੈ। ਜਥੇਦਾਰਾਂ ਨਾਲ ਸਬੰਧਿਤ ਫੈਸਲੇ ਅਕਾਲ ਤਖ਼ਤ ਸਾਹਿਬ ਤੋਂ ਹੀ ਪ੍ਰਵਾਨ ਹੁੰਦੇ ਹਨ, ਇਸ ਲਈ ਐਸਜੀਪੀਸੀ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਣੀ ਚਾਹੀਦੀ ਹੈ।
ਕਿਸਾਨ ਅੰਦੋਲਨ ਨੂੰ ਲੈਕੇ ਟਿੱਪਣੀ
ਕਿਸਾਨ ਅੰਦੋਲਨ ਨੂੰ ਲੈਕੇ ਬੋਲਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕਿਸਾਨ ਪੂਰਾ ਸਾਲ ਸੱਪਾਂ ਦੀਆਂ ਸੀਰੀਆਂ ਮਿੱਦ ਕੇ ਦੇਸ਼ ਨੂੰ ਅਨਾਜ ਖਵਾਉਂਦਾ ਹੈ ਪਰ ਉਸ ਕਿਸਾਨ ਨੂੰ ਇਹ ਦਿਨ ਦੇਖਣੇ ਪੈ ਰਹੇ ਹੈ। ਉਹਨਾਂ ਕਿਹਾ ਕਿ ਡੱਲੇਵਾਲ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਉਹਨਾਂ ਦੀ ਸੁਣਵਾਈ ਕਰਨ। ਉਹਨਾਂ ਕਿਹਾ ਕਿ ਸਰਕਾਰਾਂ ਦਾ ਕੰਮ ਹੁੰਦਾ ਆਪਣੀ ਅਵਾਮ ਦੀ ਦੇਖਭਾਲ ਕਰਨੀ । ਸਰਕਾਰ ਖਿਲਾਫ ਸਿੰਘੂ ਬਾਡਰ 'ਤੇ ਧਰਨਾ ਦੇ ਕੇ 3 ਕਾਲੇ ਕਨੂੰਨਾਂ ਨੂੰ ਰੱਦ ਕਰਾਇਆ। ਹੁਣ ਖਨੋਰੀ ਅਤੇ ਸ਼ੰਭੂ ਬਾਡਰ ਤੇ ਮੀਂਹ ਹਨੇਰੀ ਚ ਵੀ ਕਿਸਾਨ ਡੱਟੇ ਨੇ। ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਜੋ ਕਿਸਾਨ ਲੋਕਾਂ ਦਾ ਢਿੱਡ ਭਰਦਾ ਓਹਨਾ ਦਾ ਆਪਣੇ ਹੱਕਾ ਵਾਸਤੇ ਮਰਨ ਵਰਤ 'ਤੇ ਬੈਠਣਾ ਚੰਗਾ ਨਹੀਂ।