ਲੁਧਿਆਣਾ: ਸ਼ਹਿਰ ਦੇ ਵਿੱਚ ਬੀਤੀ ਦੇਰ ਰਾਤ ਐਲਪੀਜੀ ਗੈਸ ਲੀਕ ਹੋਣ ਕਰਕੇ ਹੰਗਾਮਾ ਹੋ ਗਿਆ ਅਤੇ ਲੋਕਾਂ ਦੇ ਵਿੱਚ ਭਗਦੜ ਮੱਚ ਗਈ। ਇਹ ਹਾਦਸਾ ਬੀਤੀ ਰਾਤ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ ਤਿੰਨ ਦੇ ਵਿੱਚ ਵਾਪਰਿਆ ਹੈ। ਜਿਸ ਵੇਲੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰ ਭਰੇ ਜਾ ਰਹੇ ਸਨ, ਉਸ ਵੇਲੇ ਗੈਸ ਲੀਕ ਹੋਣ ਕਰਕੇ ਅੱਗ ਲੱਗ ਗਈ। ਇਸ ਵਿਚਕਾਰ ਦੋ ਬੱਚਿਆਂ ਸਣੇ ਛੇ ਲੋਕ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦੇ ਵਿੱਚ ਦੇਰ ਰਾਤ ਲਿਆਂਦਾ ਗਿਆ ਹੈ। ਗੈਰ-ਕਾਨੂੰਨੀ ਢੰਗ ਦੇ ਨਾਲ ਇਹ ਸਿਲੰਡਰ ਭਰੇ ਜਾ ਰਹੇ ਸਨ, ਜਿਸ ਵੇਲੇ ਇਹ ਹਾਦਸਾ ਵਾਪਰਿਆ।
ਸਿਲੰਡਰ ਭਰੇ ਜਾਣ ਕਰਕੇ ਵਾਪਰਿਆ ਹਾਦਸਾ (ETV BHARAT) ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
ਉਧਰ ਹਾਦਸੇ ਤੋਂ ਬਾਅਦ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਹਾਲਾਂਕਿ ਅੱਗ ਇੰਨੀ ਵੱਡੀ ਨਹੀਂ ਸੀ ਪਰ ਮੌਕੇ 'ਤੇ ਲੋਕ ਮੌਜੂਦ ਹੋਣ ਕਰਕੇ ਉਹ ਲਪੇਟ ਵਿੱਚ ਆ ਗਏ। ਇਹਨਾਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਿਲ ਹੈ। ਜ਼ਖਮੀਆਂ ਦੀ ਪਹਿਚਾਣ ਸੱਤ ਸਾਲ ਦੀ ਬੱਚੀ ਸ਼ਿਵਾਨੀ ਅਤੇ ਉਸ ਦੀ ਮਾਂ ਫੂਲਮਤੀ ਦੇ ਰੂਪ ਦੇ ਵਿੱਚ ਹੋਈ ਹੈ।
ਬੱਚੀ ਸਮੇਤ ਕਈ ਲੋਕ ਜ਼ਖ਼ਮੀ
ਇਸ ਸਬੰਧੀ ਲੁਧਿਆਣਾ ਦੇ ਗਿਆਸਪੁਰਾ ਪੁਲਿਸ ਚੌਂਕੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਸਾਰੇ ਲੋਕ ਸਮਰਾਟ ਕਲੋਨੀ ਦੇ ਇੱਕ ਵੇਹੜੇ ਦੇ ਵਿੱਚ ਰਹਿੰਦੇ ਹਨ ਅਤੇ ਵਿਹੜੇ ਦੇ ਨਾਲ ਹੀ ਇੱਕ ਸ਼ਖਸ ਇਹ ਛੋਟੇ ਸਿਲੰਡਰ ਭਰਨ ਦਾ ਕੰਮ ਕਰਦਾ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜ਼ਖ਼ਮੀ ਮਹਿਲਾ ਖਾਣਾ ਬਣਾ ਰਹੀ ਸੀ ਅਤੇ ਨਾਲ ਸਿਲੰਡਰ ਭਰਨ ਕਰਕੇ ਗੈਸ ਅਚਾਨਕ ਲੀਕ ਹੋ ਗਈ ਅਤੇ ਕਮਰੇ ਦੇ ਵਿੱਚ ਅੱਗ ਲੱਗ ਦੀਆਂ ਲਪਟਾ ਫੈਲ ਗਈਆਂ। ਜਿਸ ਦੀ ਲਪੇਟ ਦੇ ਵਿੱਚ ਇਹ ਸਾਰੇ ਲੋਕ ਆ ਗਏ।
ਸਿਲੰਡਰ ਭਰ ਕੇ ਵੇਚਣ ਦਾ ਚੱਲ ਰਿਹਾ ਧੰਦਾ
ਉਥੇ ਹੀ ਜ਼ਖਮੀ ਬੱਚੀ ਨੂੰ ਪਰਿਵਾਰਕ ਮੈਂਬਰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ। ਉਸ ਦੇ ਪਿਤਾ ਦਰੋਗਾ ਨੇ ਦੱਸਿਆ ਕਿ ਛੋਟਾ ਸਿਲੰਡਰ ਭਰਿਆ ਜਾ ਰਿਹਾ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਗੈਸ ਭਰੀ ਜਾ ਰਹੀ ਸੀ, ਉਹ ਗੈਸ ਨੂੰ ਬੰਦ ਕਰਨਾ ਹੀ ਭੁੱਲ ਗਈ। ਜਿਸ ਕਰਕੇ ਪੰਜ ਤੋਂ ਛੇ ਲੋਕ ਇਸ ਦੀ ਲਪੇਟ ਵਿੱਚ ਆ ਗਏ। ਹਾਲਾਂਕਿ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਹ ਵੇਚਣ ਦੇ ਲਈ ਸਿਲੰਡਰ ਭਰੇ ਜਾਂਦੇ ਹਨ ਤਾਂ ਉਹਨਾਂ ਮੰਨਿਆ ਕਿ ਇਹੀ ਕੰਮ ਕੀਤਾ ਜਾ ਰਿਹਾ ਸੀ ਪਰ ਉਹਨਾਂ ਕਿਹਾ ਕਿ ਪੁਲਿਸ ਨਹੀਂ ਆਈ ਅਤੇ ਨਾ ਹੀ ਉਹਨਾਂ ਨੂੰ ਰੋਕਿਆ ਗਿਆ ਹੈ।