ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਵੱਲੋਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਦੇਸ਼ ਭਰ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਦੇ ਮੰਤਰੀ, ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ 7 ਅਪ੍ਰੈਲ ਨੂੰ ਜੰਤਰ-ਮੰਤਰ ਵਿਖੇ ਸਮੂਹਿਕ ਭੁੱਖ ਹੜਤਾਲ ਕਰਨਗੇ।ਉਥੇ ਹੀ ਇਸੇ ਲੜੀ ਤਹਿਤ ‘ਆਪ’ ਨੇ ਸ਼ਹੀਦੇ ਆਜ਼ਮ ਭਗਤ ਦੇ ਪਿੰਡ ਖਟਕੜ ਕਲਾਂ ਵਿੱਚ ਸਮੂਹਿਕ ਭੁੱਖ ਹੜਤਾਲ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ।
ਮੁੱਖ ਮੰਤਰੀ ਮਾਨ ਕਰਨਗੇ ਅਗਵਾਈ : ਇਸ ਸਮਾਗਮ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ। ਪਾਰਟੀ ਵੱਲੋਂ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਵੀ ਪ੍ਰੋਗਰਾਮ ਉਲੀਕੇ ਜਾਣਗੇ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਨੇ ਆਗੂਆਂ ਦੇ ਨਾਲ-ਨਾਲ ਵਲੰਟੀਅਰਾਂ ਨੂੰ ਵੀ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ। ਇਹ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ। ਇਸ ਮਹੀਨੇ ਮੁੱਖ ਮੰਤਰੀ ਗੁਆਂਢੀ ਸੂਬੇ ਹਰਿਆਣਾ ਸਮੇਤ ਕਈ ਰਾਜਾਂ ਦਾ ਦੌਰਾ ਵੀ ਕਰਨਗੇ।
ਵਲੰਟੀਅਰ ਪਾਰਟੀ ਦੀ ਤਾਕਤ :ਇਥੇ ਇਹ ਵੀ ਦੱਸਣਯੋਗ ਹੈ ਕਿ 'ਆਪ' ਦਾ ਮੰਨਣਾ ਹੈ ਕਿ ਪਾਰਟੀ ਦੀ ਤਾਕਤ ਪਾਰਟੀ ਦੇ ਸਮਰਥਕਾਂ ਅਤੇ ਵਲੰਟੀਅਰਾਂ 'ਚ ਹੈ। ਅਜਿਹੇ 'ਚ ਮੁੱਖ ਮੰਤਰੀ ਹੁਣ ਨੇਤਾਵਾਂ ਦੇ ਨਾਲ-ਨਾਲ ਵਲੰਟੀਅਰਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ।ਇਸ ਹੀ ਤਹਿਤ 6 ਅਪ੍ਰੈਲ ਨੂੰ ਦੁਪਹਿਰ 12 ਵਜੇ ਮੋਗਾ ਅਤੇ 3 ਵਜੇ ਜਲੰਧਰ ਵਿਖੇ ਵਲੰਟੀਅਰ ਮੀਟਿੰਗ ਕੀਤੀ ਜਾ ਰਹੀ ਹੈ। ਮੋਗਾ ਵਿੱਚ ਮਾਲਵੇ ਨਾਲ ਸਬੰਧਤ ਵਲੰਟੀਅਰ ਹਿੱਸਾ ਲੈਣਗੇ, ਜਦਕਿ ਜਲੰਧਰ ਵਿੱਚ ਦੁਆਬਾ ਖੇਤਰ ਦੇ ਆਗੂਆਂ ਦੀ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਣਗੇ। ਇਨ੍ਹਾਂ ਪ੍ਰੋਗਰਾਮਾਂ 'ਚ ਮੁੱਖ ਮੰਤਰੀ ਖੁਦ ਸ਼ਿਰਕਤ ਕਰਨਗੇ।
ਹਰਿਆਣਾ ਤੋਂ ਗੁਜਰਾਤ ਦਾ ਦੌਰਾ :7 ਅਪ੍ਰੈਲ ਦੇ ਰੁਝੇਵੇਂ ਤੋਂ ਬਾਅਦ CM ਭਗਵੰਤ ਮਾਨ ਹਰਿਆਣਾ ਦਾ ਰੁਖ ਕਰਨਗੇ , ਇਥੋਂ ਉਹ ਗੁਜਰਾਤ ਦਾ ਦੌਰਾ ਕਰਨਗੇ। 8 ਅਪ੍ਰੈਲ ਨੂੰ ਕੁਰੂਕਸ਼ੇਤਰ ਵਿੱਚ ਸੀਐਮ ਦਾ ਪ੍ਰੋਗਰਾਮ ਹੈ। ਜਿਥੇ ਉਹਨਾਂ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ । ਇਸ ਤੋਂ ਬਾਅਦ 12 ਅਤੇ 13 ਅਪ੍ਰੈਲ ਨੂੰ ਦਿੱਲੀ 'ਚ ਪ੍ਰੋਗਰਾਮ 'ਚ ਹਿੱਸਾ ਲੈਣਗੇ। 16 ਅਤੇ 17 ਨੂੰ ਗੁਜਰਾਤ ਵਿੱਚ ਪ੍ਰੋਗਰਾਮ ਹੋਵੇਗਾ।
ਗ੍ਰਿਫਤਾਰੀ ਨੂੰ ਲੈ ਕੇ ਰੋਸ:ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਈਡੀ ਨੇ ਕੇਜਰੀਵਾਲ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ 1 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿਤਾ ਗਿਆ ਸੀ। ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਗਿਆ ਹੈ। ਈਡੀ ਨੇ ਅਦਾਲਤ 'ਚ ਕਿਹਾ ਹੈ ਕਿ ਜਾਂਚ ਲਈ ਕੇਜਰੀਵਾਲ ਨੂੰ ਦੁਬਾਰਾ ਰਿਮਾਂਡ 'ਤੇ ਲਿਆ ਜਾ ਸਕਦਾ ਹੈ। ਜਿਸ ਨੂੰ ਲੈਕੇ ਆਪ ਸਮਰਥਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।