ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ਸਿਰਫ਼ ਸ਼ਹਿਰੀ ਤਬਕੇ ਵਿਚ ਪੈਠ ਰੱਖਣ ਵਾਲੀ ਭਾਜਪਾ ਇਸ ਵਾਰ ਪਿੰਡਾਂ ਵਿੱਚ ਆਪਣੀ ਹੋਂਦ ਬਣਾਉਣ ਵਿੱਚ ਕਾਮਯਾਬ ਰਹੀ ਹੈ। ਭਾਜਪਾ ਉਮਦਵਾਰ ਕੇਵਲ ਢਿੱਲੋਂ 17937 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਿੱਚੋਂ 25 ਫ਼ੀਸਦੀ (4551)ਵੋਟਾਂ ਉਹਨਾਂ ਨੂੰ ਪਿੰਡਾਂ ਵਿੱਚੋਂ ਪਈਆਂ ਹਨ। ਸੂਬੇ ਦੀਆਂ ਚਾਰੇ ਜ਼ਿਮਨੀ ਚੋਣ ਹਲਕਿਆਂ ਵਿੱਚ ਢਿੱਲੋਂ ਜ਼ਮਾਨਤ ਬਚਾ ਸਕੇ ਹਨ।
ਪਿੰਡਾਂ ਵਿੱਚ ਭਾਜਪਾ ਦੀ ਹੋਂਦ
ਇਸ ਸ਼ਹਿਰੀ ਸੀਟ ਉਪਰ ਕੁੱਲ 212 ਪੋਲਿੰਗ ਬੂਥਾਂ ਵਿੱਚੋਂ 72 ਪੋਲਿੰਗ ਬੂਥ ਪੇਂਡੂ ਹਨ। ਜਿਹਨਾਂ ਵਿੱਚੋਂ 5 ਪੋਲਿੰਗ ਬੂਥਾਂ ਉਪਰ ਭਾਜਪਾ ਦੀ ਲੀਡ ਰਹੀ। ਪਿੰਡ ਕਰਮਗੜ੍ਹ ਦੇ ਬੂਥ ਨੰਬਰ 5 ਅਤੇ 8 , ਨੰਗਲ ਦੇ 10 ,ਸੇਖਾ ਦੇ 17 ਅਤੇ ਬਡਬਰ ਦੇ 205 ਨੰਬਰ ਬੂਥ ਉਪਰ ਭਾਜਪਾ ਸਾਰੀਆਂ ਪਾਰਟੀਆਂ ਤੋਂ ਵੱਧ ਵੋਟਾਂ ਲਿਜਾਣ ਵਿੱਚ ਸਫ਼ਲ ਰਹੀ ਹੈ। ਇਸਤੋਂ ਇਲਾਵਾ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਓਐੱਸਡੀ ਦੇ ਪਿੰਡ ਨੰਗਲ ਤੋਂ ਭਾਜਪਾ 395 ਵੋਟਾਂ ਨਾਲ ਮੋਹਰੀ ਰਹੀ । ਇਸਤੋਂ ਇਲਾਵਾ 8 ਪੋਲਿੰਗ ਬੂਥਾਂ ਉਪਰ ਕਾਂਗਰਸ ਪਾਰਟੀ ਤੋਂ ਵੱਧ ਵੋਟ ਲਿਜਾ ਸਕੀ ਹੈ।
ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਦੇ ਕਈ ਪਿੰਡਾਂ ਵਿੱਚ ਪੋਲਿੰਗ ਬੂਥ ਵੀ ਨਹੀਂ ਲੱਗੇ ਸਨ ਜਦਕਿ ਇਸ ਵਾਰ ਭਾਜਪਾ ਬਰਨਾਲਾ ਦੇ ਸਾਰੇ ਦਿਹਾਤੀ ਏਰੀਏ ਵਿੱਚ ਪੋਲਿੰਗ ਬੂਥ ਲਗਾ ਕੇ ਹਰ ਬੂਥ ਤੋਂ ਵੋਟਾਂ ਲਿਜਾਣ ਵਿੱਚ ਸਫ਼ਲ ਰਹੀ ਹੈ। ਲੋਕ ਸਭਾ ਦੇ ਮੁਕਾਬਲੇ ਭਾਜਪਾ ਦੀ ਵੋਟ ਪ੍ਰਤੀਸ਼ਤ ਵੀ ਵਧੀ ਹੈ। ਕਿਸਾਨੀ ਸੰਘਰਸ਼ਾਂ ਦੇ ਕੇਂਦਰ ਬਿੰਦੂ ਵਿੱਚ ਭਾਜਪਾ ਦਾ ਕਿਸਾਨ ਜੱਥੇਬੰਦੀਆਂ ਵਲੋਂ ਝੋਨੇ ਦੀ ਖ਼ਰੀਦ ਅਤੇ ਡੀਏਪੀ ਖ਼ਾਦ ਨੂੰ ਲੈ ਕੇ ਵਿਰੋਧ ਰਿਹਾ ਪਰ ਇਸਦੇ ਬਾਵਜੂਦ ਆਪਣੇ ਉਮੀਦਵਾਰ ਦੇ ਰਸੂਖ਼ ਸਦਕਾ ਪਈ ਵੋਟ ਨਾਲ ਭਾਜਪਾ ਪਿੰਡਾਂ ਵਿੱਚ ਸਥਾਪਿਤ ਹੁੰਦੀ ਦਿਖਾਈ ਦੇ ਰਹੀ ਹੈ।