ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਕੇ ਵਿੱਚ ਉਸ ਸਮੇਂ ਮਹੌਲ ਤਣਾਅਪੂਰਨ ਬਣ ਗਿਆ, ਜਦੋਂ ਪਿੰਡ ਦੇ ਹੀ ਇੱਕ ਨੌਜਵਾਨ ਦੀ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਸੜਕ ਤੋਂ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ 24 ਸਾਲ ਦੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਉੱਪਰ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਪਰਿਵਾਰ ਵੱਲੋਂ ਦਿੱਤੀ ਗਈ ਹੈ।
ਨਸ਼ੇ ਦੀ ਦਲਦਲ ਵਿੱਚ ਫਸਿਆ ਨੌਜਵਾਨ
ਮ੍ਰਿਤਕ ਨੌਜਵਾਨ ਦੀ ਮਾਤਾ ਰਣਜੀਤ ਕੌਰ, ਭੈਣ ਅਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਪ੍ਰੀਤ ਸਿੰਘ ਪਰਿਵਾਰ ਵਿੱਚ ਸਭ ਤੋਂ ਛੋਟੀ ਉਮਰ ਦਾ ਸੀ, ਜੋ ਮਜ਼ਦੂਰੀ ਕਰਦਾ ਸੀ। ਗਲਤ ਦੋਸਤਾਂ ਨਾਲ ਰਲਣ ਕਾਰਨ ਉਹ ਕੁਝ ਮਹੀਨੇ ਪਹਿਲਾਂ ਨਸ਼ੇ ਦਾ ਸੇਵਨ ਵੀ ਕਰਨ ਲੱਗ ਪਿਆ ਸੀ ਪਰ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਡਾਕਟਰਾਂ ਤੋਂ ਉਸ ਦਾ ਇਲਾਜ ਵੀ ਕਰਾਇਆ ਗਿਆ ਪਰ ਗਲਤ ਸੰਗਤ ਵਾਲੇ ਦੋਸਤਾਂ ਨੇ ਉਸ ਨੂੰ ਦੁਬਾਰਾ ਨਸ਼ੇ ਦੀ ਦਲਦਲ ਵਿੱਚ ਫਸਾਣਾ ਸ਼ੁਰੂ ਕਰ ਦਿੱਤਾ।
'ਮ੍ਰਿਤਕ ਦੇ ਦੋਸਤਾਂ ਉੱਤੇ ਇਲਜ਼ਾਮ'
ਮ੍ਰਿਤਕ ਦੇ ਪਰਿਵਾਰ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਉੱਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਨੂੰ ਬੁੱਧਵਾਰ ਦੀ ਸ਼ਾਮ ਉਸ ਦੇ ਦੋਸਤ ਆਪਣੇ ਨਾਲ ਗੱਡੀ 'ਤੇ ਲੈ ਗਏ, ਜੋ ਫਿਰ ਵਾਪਸ ਨਹੀਂ ਪਰਤੇ। ਜਿਸ ਤੋਂ ਬਾਅਦ ਉਹਨਾਂ ਨੇ ਗੁਰਪ੍ਰੀਤ ਦੀ ਭਾਲ ਸ਼ੁਰੂ ਕੀਤੀ ਪਰ ਸਵੇਰੇ ਉਸ ਦੀ ਲਾਸ਼ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋਕੇ ਦੇ ਬਾਹਰ ਸੜਕ ਕੋਲੋਂ ਮਿਲੀ। ਪੀੜਤ ਪਰਿਵਾਰ ਨੇ ਕਿਹਾ ਕਿ ਮ੍ਰਿਤਕ ਦੇ ਦੋਸਤ ਉਸ ਨੂੰ ਪਹਿਲਾਂ ਘਰੋਂ ਲੈ ਗਏ ਅਤੇ ਬਾਅਦ ਵਿੱਚ 25000 ਹਜ਼ਾਰ ਦਾ ਪਰਨੋਟ ਭਰਾਉਣ ਲਈ ਇੱਕ ਦੁਕਾਨ 'ਤੇ ਵੀ ਲੈਕੇ ਗਏ ਸਨ ਪਰ ਦੁਕਾਨਦਾਰ ਨੇ ਪਰਨੋਟ ਨਹੀਂ ਭਰਵਾਇਆ ਅਤੇ ਬਾਅਦ ਵਿੱਚ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਸਕੂਲ ਦੇ ਗੇਟ ਬਾਹਰ ਸੜਕ ਤੋਂ ਮਿਲੀ ਹੈ।
'ਪੁਲਿਸ ਕਰ ਰਹੀ ਜਾਂਚ'
ਪਰਿਵਾਰਿਕ ਮੈਂਬਰਾਂ ਨੇ ਗੰਭੀਰ ਇਲਜ਼ਾਮ ਲਾਉਂਦੇ ਕਿਹਾ ਕਿ ਮ੍ਰਿਤਕ ਦੇ ਨਸ਼ੇੜੀ ਦੋਸਤਾਂ ਨੇ ਹੀ ਉਸ ਨੂੰ ਨਸ਼ੇ ਦੀ ਓਵਰਡੋਜ ਦੇਕੇ ਮੌਤ ਦੇ ਘਾਟ ਉਤਾਰਿਆ ਹੈ। ਉਹਨਾਂ ਦੱਸਿਆ ਕਿ ਸਵੇਰੇ 2.56 ਦੇ ਕਰੀਬ ਗੱਡੀ 'ਤੇ ਉਸ ਦੀ ਲਾਸ਼ ਸਕੂਲ ਦੇ ਬਾਹਰ ਸੜਕ 'ਤੇ ਸੁੱਟ ਕੇ ਚਲੇ ਗਏ। ਜਿਸ ਦੀ ਸਕੂਲ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਵੀਡੀਓ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਾਉਂਦੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਥਾਣਾ ਸਦਰ ਬਰਨਾਲਾ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਂਣਗੇ, ਉਸ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।