ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਆਪਣੀ ਤੀਜੀ ਅਤੇ ਆਖਰੀ ਲਿਸਟ ਜਾਰੀ ਕਰਦਿਆਂ ਚਾਰ ਉਮੀਦਵਾਰਾਂ ਦੇ ਨਾਮ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਦੋ ਲਿਸਟਾਂ ਜਾਰੀ ਕਰਕੇ ਕੁੱਲ੍ਹ 9 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਸਨ।
ਇਨ੍ਹਾਂ ਨੂੰ ਮਿਲੀਆਂ ਟਿਕਟਾਂ:ਪੰਜਾਬ ਵਿੱਚ ਆਪ ਨੇ 4 ਨਾਵਾਂ ਦੀ ਜੋ ਲਿਸਟ ਜਾਰੀ ਕੀਤੀ ਹੈ ਉਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਲੰਧਰ ਦੇ ਵਿਧਾਇਕ ਪਵਨ ਟੀਨੂੰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਪਵਨ ਟੀਨੂੰ ਕੁਝ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ।
9 ਉਮੀਦਵਾਰਾਂ ਦਾ ਪਹਿਲਾਂ ਹੋ ਚੁੱਕਿਆ ਹੈ ਐਲਾਨ :ਇਸ ਤੋਂ ਪਹਿਲਾਂ 'ਆਪ' ਵੱਲੋਂ 2 ਵੱਲੋਂ ਲਿਸਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਪਹਿਲੀ ਸੂਚੀ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਪਰ ਉਨ੍ਹਾਂ ਵਿੱਚੋਂ ਸੁਸ਼ੀਲ ਰਿੰਕੂ ਟਿਕਟ ਮਿਲਣ ਦੇ ਬਾਵਜੂਦ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਰਿੰਕੂ ਤੋਂ ਇਲਾਵਾ ਇਸ ਸੂਚੀ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਮੰਤਰੀ ਡਾ: ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ. ਸਨ।
ਦੂਜੀ ਲਿਸਟ ਵਿੱਚ ਦੋ ਨਾਮ: ਇਸ ਤੋਂ ਇਲਾਵਾ ਦੂਜੀ ਸੂਚੀ ਵਿੱਚ ਦੋ ਉਮੀਦਵਾਰ ਐਲਾਨੇ ਗਏ ਸਨ, ਜਿਸ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਅਤੇ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਟਿਕਟਾਂ ਦਿੱਤੀਆਂ ਗਈਆਂ ਹਨ। ਚੱਬੇਵਾਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ।