ਲੁਧਿਆਣਾ: ਜ਼ਿਲ੍ਹਾ ਪੁਲਿਸ ਵੱਲੋਂ ਅੱਜ 36 ਵੱਖ-ਵੱਖ ਮਾਮਲਿਆਂ ਦੇ ਵਿੱਚ ਬਰਾਮਦ ਕੀਤੇ ਨਸ਼ੇ ਦੀ ਸਮਗਰੀ ਨੂੰ ਅੱਗ ਦੇ ਭੇਂਟ ਕਰ ਦਿੱਤਾ ਗਿਆ ਹੈ। ਸੀਨੀਅਰ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਨਸ਼ਾ ਜੋ ਅੱਜ ਨਸ਼ਟ ਕੀਤਾ ਗਿਆ ਹੈ ਉਸ ਵਿੱਚ 1 ਕਿਲੋ 260 ਗ੍ਰਾਮ ਹੈਰੋਇਨ, 49 ਕਿਲੋ 252 ਗ੍ਰਾਮ ਭੁੱਕੀ, 34 ਕਿਲੋ 850 ਗ੍ਰਾਮ ਗਾਂਜਾ, 95 ਗਰਾਮ ਨਸ਼ੀਲਾ ਪਾਊਡਰ ਸ਼ਾਮਿਲ ਸੀ, ਜੋ ਕਿ ਵੱਖ-ਵੱਖ 36 ਕੇਸਾਂ ਦੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਸੀ। ਹਾਲਾਂਕਿ ਇਹਨਾਂ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਪੁਲਿਸ ਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ, ਪਰ ਜੋ ਇਹ ਨਸ਼ਾ ਬਰਾਮਦ ਕੀਤਾ ਗਿਆ ਸੀ ਉਸ ਨੂੰ ਅੱਗ ਦੇ ਹਵਾਲੇ ਕਰਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ ਹੈ।
ਹੋਰ ਵੀ ਨਸ਼ਾ ਕਰਾਂਗੇ ਨਸ਼ਟ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੀਨੀਅਰ ਅਫਸਰ ਦੀ ਮੌਜੂਦਗੀ ਦੇ ਵਿੱਚ ਖਤਮ ਕੀਤਾ ਗਿਆ। ਅਸੀਂ ਆਉਂਦੇ ਦਿਨਾਂ ਦੇ ਵਿੱਚ ਹੋਰ ਨਸ਼ਾ ਨਸ਼ਟ ਕਰਾਂਗੇ ਜੋ ਬਰਾਮਦ ਕੀਤਾ ਗਿਆ ਹੈ। ਅਸੀਂ ਸੀਨੀਅਰ ਅਫਸਰਾਂ ਦੀ ਇਜ਼ਾਜਤ ਲੈ ਕੇ ਉਸ ਨੂੰ ਨਸਟ ਕਰਾਂਗੇ। ਉਹਨਾਂ ਦੱਸਿਆ ਕਿ ਐਨਡੀਪੀਐਸ ਐਕਟ ਦੇ ਤਹਿਤ ਨਾ ਸਿਰਫ ਅਸੀਂ ਹਰ ਮਹੀਨੇ ਇੱਕ ਦਰਜਨ ਤੋਂ ਵੱਧ ਮੁਕਦਮੇ ਦਰਜ ਕਰ ਰਹੇ ਹਾਂ, ਸਗੋਂ ਜੋ ਸਮਾਨ ਰਿਕਵਰ ਹੁੰਦਾ ਹੈ ਉਸ ਦੀ ਬਕਾਇਦਾ ਸਹੀ ਢੰਗ ਦੇ ਨਾਲ ਅਦਾਲਤਾਂ ਦੇ ਵਿੱਚ ਪੈਰਵੀ ਵੀ ਕੀਤੀ ਜਾਂਦੀ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਸੀਨੀਅਰ ਅਫਸਰ ਦੇ ਸਖ਼ਤ ਨਿਰਦੇਸ਼ ਹਨ। ਜਿਸ ਦੇ ਤਹਿਤ ਇਹ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਜੋ ਨਸ਼ੇ ਉੱਤੇ ਠੱਲ ਪਾਈ ਜਾ ਸਕੇ ਅਤੇ ਜੋ ਨਸ਼ੇ ਦੇ ਸੌਦਾਗਰ ਹਨ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਵੇ।