ਆਪ ਉਮੀਦਵਾਰ ਮੀਤ ਹੇਅਰ ਨੇ ਪਾਈ ਵੋਟ (etv bharat) ਬਰਨਾਲਾ: ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੌਰਾਨ ਪੰਜਾਬ ਵਿੱਚ ਚੋਣ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਲੋਕ ਸਭਾ ਹਲਕਾ ਸੰਗਰੂਰ ਵਿੱਚ ਗਰਮੀ ਦੇ ਮੱਦੇਨਜ਼ਰ ਸਵੇਰ ਸਮੇਂ ਲੋਕ ਤੇਜ਼ੀ ਨਾਲ ਵੋਟ ਪ੍ਰਕਿਰਿਆ ਵਿੱਚ ਹਿੱਸਾ ਲੈਣ ਆ ਰਹੇ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਪਰਿਵਾਰ ਸਮੇਤ ਬਰਨਾਲਾ ਦੇ 83 ਨੰਬਰ ਪੋਲਿੰਗ ਬੂਥ ਵਿੱਚ ਐਸਡੀ ਕਾਲਜ ਵਿਖੇ ਆਪਣੀ ਵੋਟ ਪਾਈ। ਇਸ ਮੌਕੇ ਉਹਨਾਂ ਨਾਲ ਪਤਨੀ ਅਤੇ ਉਨ੍ਹਾਂ ਦੀ ਮਾਤਾ ਮੌਜੂਦ ਸਨ।
ਇਸ ਦੌਰਾਨ ਮੀਤ ਹੇਅਰ ਨੇ ਇੱਕ ਤਰਫਾ ਜਿੱਤ ਦਾ ਦਾਅਵਾ ਵੀ ਕੀਤਾ। ਅੱਗੇ ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਸਾਡੇ ਸ਼ਹੀਦਾਂ ਦੀਆਂ ਅਨੇਕਾਂ ਕੁਰਬਾਨੀਆਂ ਸਦਕਾ ਸਾਨੂੰ ਵੋਟ ਪਾਉਣ ਦਾ ਇਹ ਅਧਿਕਾਰ ਮਿਲਿਆ ਹੈ, ਜਿਸ ਕਰਕੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਘਰਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਭਾਵੇਂ ਗਰਮੀ ਦਾ ਵੀ ਜ਼ੋਰ ਹੈ, ਪਰ ਇਸ ਦੇ ਬਾਵਜੂਦ ਵੋਟਰਾਂ ਨੂੰ ਆਪਣੀ ਇਹ ਸ਼ਕਤੀ ਦੀ ਵਰਤੋਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕਰਨੀ ਚਾਹੀਦੀ ਹੈ। ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਵਿੱਚੋਂ ਸਿਰਫ ਉਨ੍ਹਾਂ ਦੀ ਵੋਟ ਹੀ ਇਸ ਹਲਕੇ ਵਿੱਚ ਪਈ ਹੈ। ਜਦ ਕਿ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਵੋਟ ਉਨ੍ਹਾਂ ਦੇ ਹਲਕਿਆਂ ਵਿੱਚ ਵੀ ਨਹੀਂ ਹੈ।
ਉੱਥੇ ਨਾਲ ਹੀ ਮੀਤ ਹੇਅਰ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਇਸ ਹਲਕੇ ਤੋਂ ਇੱਕ ਤਰਫਾ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦਰਮਿਆਨ ਆਮ ਆਦਮੀ ਪਾਰਟੀ ਸਿਰਫ ਇੱਕ ਫੀਸਦੀ ਵੋਟ ਨਾਲ ਹਾਰ ਗਈ ਸੀ, ਜਿਸ ਕਰਕੇ ਇਸ ਵਾਰ ਆਮ ਆਦਮੀ ਪਾਰਟੀ ਨੇ ਲੋਕ ਸਭਾ ਦੀ ਚੋਣ ਨੂੰ ਪੰਚਾਇਤੀ ਅਤੇ ਐਮਸੀ ਦੀ ਚੋਣ ਵਾਂਗ ਲੜਿਆ ਹੈ, ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਦੀ ਜਿੱਤ ਨਾਲ ਹੋਵੇਗਾ।