ਮੋਗਾ: ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਨਸੀ ਦੇ ਰਹਿਣ ਵਾਲੇ 15 ਸਾਲ ਦੇ ਨਬਾਲਿਗ ਨੌਜਵਾਨ ਦੀ ਦਰਦਨਾਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਮੁਤਾਬਿਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਵਿੱਚ ਇੱਕ ਦੀ ਮੌਤ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।
15 ਸਾਲ ਦੇ ਨਬਾਲਿਗ ਦੀ ਮੌਕੇ ਉੱਤੇ ਮੌਤ (ETV BHARAT PUNJAB (ਰਿਪੋਟਰ,ਮੋਗਾ))
ਮੌਕੇ ਉੱਤੇ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਪ੍ਰੀਤ ਸਿੰਘ ਦੇ ਚਾਚਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਉਸ ਦਾ ਦੋਸਤ ਕਰਨ, ਘਰ ਦਾ ਸਮਾਨ ਲੈਣ ਲਈ ਬਾਈਕ 'ਤੇ ਨਿਹਾਲ ਸਿੰਘ ਵਾਲਾ ਗਏ ਸਨ, ਜਦੋਂ ਉਹ ਦੇਰ ਸ਼ਾਮ ਨਿਹਾਲ ਸਿੰਘ ਵਾਲਾ ਤੋਂ ਘਰ ਪਰਤ ਰਹੇ ਸਨ ਤਾਂ ਰਸਤੇ 'ਚ ਇੱਕ ਸਵਿਫਟ ਕਾਰ ਦੀ ਲਪੇਟ 'ਚ ਆਉਣ ਨਾਲ ਜਸਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਕਰਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੇ ਪਿਤਾ ਦੀ ਡੇਢ ਮਹੀਨੇ ਪਹਿਲਾਂ ਹੀ ਮੌਤ ਹੋਈ ਸੀ ਅਤੇ ਹੁਣ ਪਰਿਵਾਰ ‘ਤੇ ਫਿਰ ਦੁੱਖਾਂ ਦਾ ਪਹਾੜ ਆ ਡਿੱਗਿਆ ਹੈ। ਇਸ ਤੋਂ ਇਲਾਵਾ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਜਿਸ ਕਾਰ ਨਾਲ ਹਾਦਸਾ ਵਾਪਰਿਆ ਹੈ ਉਹ ਵੀ ਉਨ੍ਹਾਂ ਦੇ ਪਿੰਡ ਦੀ ਹੀ ਹੈ। ਹਾਦਸੇ ਦਾ ਕਾਰਣਾਂ ਦਾ ਫਿਲਹਾਲ ਪਤਾ ਨਹੀਂ ਲੱਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਕਾਰ ਅਤੇ ਬਾਈਕ ਦੀ ਟੱਕਰ ਹੋ ਗਈ ਹੈ ਅਤੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਲਾਸ਼ ਨੂੰ ਅਗਲੇਰੀ ਜਾਂਚ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।