ਬਰਨਾਲਾ:ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿਖੇ ਆੜ੍ਹਤੀਏ ਤੋਂ ਪਰੇਸ਼ਾਨ ਹੋਕੇ ਇੱਕ ਨੌਜਵਾਨ ਸਤਨਾਮ ਸਿੰਘ ਪੁੱਤਰ ਬਿਕਰ ਸਿੰਘ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਨੌਜਵਾਨ ਨੇ ਪਿਛਲੀ ਲੰਘੀ ਰਾਤ ਨੂੰ ਅਪਣੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੀ ਜੇਬ ਵਿੱਚ ਇੱਕ ਖੁਦਕੁਸ਼ੀ ਨੋਟ ਛੱਡ ਗਿਆ, ਜਿਸ ਵਿੱਚ ਉਸ ਨੇ ਪਿੰਡ ਟੱਲੇਵਾਲ ਦੇ ਆੜ੍ਹਤੀਏ ਅਤੇ ਸਾਬਕਾ ਸਰਪੰਚ ਨੂੰ ਆਪਣੀ ਮੌਤ ਦਿਲ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਵਲੋਂ ਆੜ੍ਹਤੀਏ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।
ਆੜ੍ਹਤੀਏ ਤੋਂ ਤੰਗ ਆ ਖੁਦਕੁਸ਼ੀ: ਇਸ ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਮਾਤਾ ਬਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕੁੱਝ ਸਾਲ ਪਹਿਲਾਂ ਟੱਲੇਵਾਲ ਦੇ ਆੜ੍ਹਤੀਏ ਜਗਰਾਜ ਸਿੰਘ ਕੋਲ ਮੁਨੀਮ ਦਾ ਕੰਮ ਕਰਦਾ ਸੀ। ਆੜ੍ਹਤੀਆ ਉਹਨਾਂ ਦੇ ਪੁੱਤਰ ਦੇ ਬੈਂਕ ਖਾਤੇ ਵਿੱਚ ਪੈਸੇ ਪਵਾ ਦਿੰਦਾ ਸੀ ਅਤੇ ਕਢਵਾ ਲੈਂਦਾ ਸੀ। ਆੜ੍ਹਤੀਏ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਹਨਾਂ ਦੇ ਪੁੱਤਰ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਆੜ੍ਹਤੀਆ ਉਹਨਾਂ ਦੇ ਪੁੱਤਰ ਤੋਂ 22 ਲੱਖ ਰੁਪਏ ਦੀ ਮੰਗ ਕਰਦਾ ਸੀ, ਪਰ ਉਨਾਂ ਨੇ ਸਿਰਫ 8 ਲੱਖ ਰੁਪਏ ਹੀ ਦੇਣੇ ਸਨ। ਉਹ ਜਦ 8 ਲੱਖ ਰੁਪਏ ਆੜ੍ਹਤੀਏ ਨੂੰ ਦੇਣ ਪੁੱਜੇ ਤਾਂ ਆੜ੍ਹਤੀਏ ਨੇ ਪੈਸੇ ਲੈਣ ਤੋਂ ਜਵਾਬ ਦੇ ਦਿੱਤਾ ਅਤੇ 22 ਲੱਖ ਰੁਪਏ ਹੀ ਮੰਗਦਾ ਰਿਹਾ। ਜਿਸ ਨੂੰ ਲੈ ਕੇ ਉਹਨਾਂ ਦਾ ਪੁੱਤਰ ਆੜ੍ਹਤ ਦੀ ਦੁਕਾਨ ਤੋਂ ਹਟ ਗਿਆ ਅਤੇ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਲੱਗ ਪਿਆ ਸੀ। ਪਰ ਫਿਰ ਵੀ ਆੜ੍ਹਤੀਏ ਵੱਲੋਂ ਉਸ ਨੂੰ ਪਿਛਲੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਆੜ੍ਹਤੀ ਮ੍ਰਿਤਕ ਨੂੰ ਦਿੰਦਾ ਸੀ ਧਮਕੀਆਂ:ਪਰਿਵਾਰ ਨੇ ਦੱਸਿਆ ਕਿ ਆੜ੍ਹਤੀਏ ਨੇ ਉਹਨਾਂ ਦੇ ਮ੍ਰਿਤਕ ਪੁੱਤ ਸਤਨਾਮ ਸਿੰਘ ਤੋਂ ਇੱਕ ਖਾਲੀ ਚੈੱਕ ਵੀ ਲੈ ਲਿਆ ਸੀ, ਜੋ ਅਕਸਰ ਉਹਨਾਂ ਦੇ ਪੁੱਤਰ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਸੀ ਕਿ ਉਹ ਚੈੱਕ ਦੇ ਰਾਹੀਂ 22 ਲੱਖ ਰੁਪਏ ਦੀ ਰਕਮ ਪਾਕੇ ਉਸ ਨੂੰ ਸਜ਼ਾ ਕਰਵਾ ਦੇਵੇਗਾ। ਇੱਥੇ ਹੀ ਬਸ ਨਾ ਕਰਦੇ ਹੋਏ ਆੜ੍ਹਤੀਏ ਨੇ ਉਹਨਾਂ ਦਾ ਘਰ ਤੱਕ ਵੀ ਬਤੌਰ ਲਿਖਤੀ ਗਹਿਣੇ ਲਿਖਵਾ ਲਿਆ ਸੀ, ਜੋ ਅਕਸਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਘਰੋਂ ਬੇਘਰ ਕਰਨ ਅਤੇ ਪੁਲਿਸ ਦੀਆਂ ਧਮਕੀਆਂ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਉਹਦਾ ਪਿੱਛਾ ਕਰਵਾਉਂਦਾ ਰਹਿੰਦਾ ਸੀ। ਜਿਸ ਦੇ ਚੱਲਦਿਆਂ ਆੜ੍ਹਤੀਏ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਵਲੋਂ ਖੁਦਕੁਸ਼ੀ ਕਰ ਲਈ।