ਫ਼ਤਹਿਗੜ੍ਹ ਸਾਹਿਬ :ਜਿਲਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਥਾਣੇ ਦਾ ਘਿਰਾਓ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਕੁੜੀ ਨੇ ਪਿਤਾ ਦੇ ਗਮ 'ਚ ਖੁਦਕੁਸ਼ੀ ਕੀਤੀ ਹੈ। ਦਰਅਸਲ,ਬੀਤੀ 6 ਜੁਲਾਈ ਨੂੰ ਅੰਬੇ ਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਵਿਅਕਤੀ ਦੀ ਹਾਲਤ ਗੰਭੀਰ ਹੋ ਗਈ ਅਤੇ ਉਹ ਕੌਮਾ 'ਚ ਚਲਾ ਗਿਆ। ਉਧਰ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸੁਣਵਾਈ ਹੋਈ ਜਿਸ ਤੋਂ ਬਾਅਦ ਪਰਿਵਾਰ ਦੀ 14 ਸਾਲਾ ਧੀ ਅੰਜਲੀ ਕਾਫੀ ਪਰੇਸ਼ਾਨ ਰਹਿ ਰਹੀ ਸੀ। ਜਿਸ ਦੀ ਬੀਤੇ ਦਿਨ ਪਿਤਾ ਦੀ ਹਾਲਤ ਦੇਖ ਕੇ ਤਬੀਅਤ ਖਰਾਬ ਹੋ ਗਈ। ਉਕਤ ਕੁੜੀ ਨੂੰ ਪਰਿਵਾਰ ਵੱਲੋਂ ਡਾਕਟਰ ਕੋਲ ਲਿਜਾਇਆ ਗਿਆ, ਪਰ ਉਹ ਠੀਕ ਨਹੀਂ ਹੋਈ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ।
ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ:ਪਰਿਵਾਰ ਦਾ ਸਾਥ ਦੇ ਰਹੇ ਲੋਕਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਹੈ ਅਤੇ ਉਹਨਾਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ ਅਤੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਦਾ ਐਕਸੀਡੈਂਟ ਹੋਇਆ ਸੀ, ਤਾਂ ਸਕੂਲ ਮੈਨੇਜਮੈਂਟ ਵੱਲੋਂ ਮਦਦ ਦਾ ਭਰੋਸਾ ਦਿੱਤਾ ਗਿਆ ਸੀ ਕਿ ਇਲਾਜ ਦਾ ਖ਼ਰਚ ਚੁੱਕਿਆ ਜਾਵੇਗਾ। ਇਸ ਤੋਂ ਬਾਅਦ ਰਜ਼ਾਮੰਦੀ ਦੀ ਗੱਲ ਕੀਤੀ ਗਈ ਸੀ, ਪਰ ਬਾਅਦ ਵਿੱਚ ਐਕਸੀਡੈਂਟ ਦੇ ਮੁਲਜ਼ਮ ਬਸ ਡਰਾਈਵਰ ਅਤੇ ਸਕੂਲ ਮੈਨੇਜਮੈਂਟ ਨੇ ਮਦਦ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਨੁੰ ਇਲਾਜ ਲਈ ਮੁਸ਼ਕਿਲ ਹੋ ਰਹੀ ਹੈ। ਇਸ ਤਹਿਤ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਔਰਤ ਨੇ ਕਿਹਾ ਕਿ, "ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਇੱਕ ਪਾਸੇ ਪਤੀ ਮੰਜੇ 'ਤੇ ਪਿਆ ਹੈ, ਜੋ ਕੌਮਾ ਵਿੱਚ ਹੈ ਅਤੇ ਦੁਜੇ ਪਾਸੇ ਧੀ ਨੇ ਜਾਨ ਦੇ ਦਿੱਤੀ। ਸਾਡਾ ਪੁਰਾ ਪਰਿਵਾਰ ਉਜੜ ਗਿਆ ਹੈ, ਸਾਨੁੰ ਇਨਸਾਫ ਦਿੱਤਾ ਜਾਵੇ।"