ਅੰਮ੍ਰਿਤਸਰ: ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਭਾਰਤੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਸੀ, ਆਪਣੇ ਦੇਸ਼ ਪਰਤ ਆਏ ਹਨ। ਉਨ੍ਹਾਂ ਨੂੰ ਲੈ ਕੇ ਅਮਰੀਕੀ ਫੌਜ ਦਾ ਸੀ-17 ਜਹਾਜ਼ ਦੁਪਹਿਰ ਕਰੀਬ 2 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਇਸ ਜਹਾਜ਼ ਨੂੰ ਯਾਤਰੀ ਟਰਮੀਨਲ ਦੀ ਬਜਾਏ ਏਅਰਫੋਰਸ ਏਅਰਬੇਸ 'ਤੇ ਉਤਾਰਿਆ ਗਿਆ ਹੈ।
ਵੈਰੀਫਿਕੇਸ਼ਨ ਤੋਂ ਬਾਅਦ ਕੀਤਾ ਜਾਵੇਗਾ ਪੁਲਿਸ ਹਵਾਲੇ
ਅੰਮ੍ਰਿਤਸਰ ਏਅਰਪੋਰਟ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਿਕ ਇਨ੍ਹਾਂ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰੈਂਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਅਮਰੀਕਾ ਨੇ ਕੁੱਲ੍ਹ 205 ਭਾਰਤੀਆਂ ਨੂੰ ਦੇਸ਼ ਨਿਕਾਲੇ ਲਈ ਮਾਰਕ ਕੀਤਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਬਾਕੀ ਲੋਕ ਕਿੱਥੇ ਹਨ ਅਤੇ ਉਨ੍ਹਾਂ ਨੂੰ ਕਦੋਂ ਡਿਪੋਰਟ ਕੀਤਾ ਜਾਵੇਗਾ।
ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ
ਅੰਮ੍ਰਿਤਸਰ ਹਵਾਈ ਅੱਡੇ 'ਤੇ ਲਿਆਂਦੇ ਗਏ 104 ਲੋਕਾਂ 'ਚ ਹਰਿਆਣਾ ਅਤੇ ਗੁਜਰਾਤ ਤੋਂ 33-33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼-ਚੰਡੀਗੜ੍ਹ ਤੋਂ 2-2 ਲੋਕ ਸ਼ਾਮਿਲ ਹਨ। ਇਨ੍ਹਾਂ ਵਿੱਚ ਕੁੱਝ ਪਰਿਵਾਰ ਵੀ ਹਨ। ਇਸ ਤੋਂ ਇਲਾਵਾ 8-10 ਸਾਲ ਦੇ ਬੱਚੇ ਵੀ ਸ਼ਾਮਲ ਹਨ। ਸੁਰੱਖਿਆ ਅਧਿਕਾਰੀਆਂ ਮੁਤਾਬਿਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਲੋਕਾਂ ਨੂੰ ਸੜਕ ਰਾਹੀਂ ਘਰ ਭੇਜਿਆ ਜਾਵੇਗਾ। ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਹੀ ਅੱਗੇ ਭੇਜਿਆ ਜਾ ਸਕਦਾ ਹੈ।
#WATCH | Amritsar MP Gurjeet Singh Aujla says, " people went there (usa) from all states. the government should help these people by giving them employment...we will raise this issue in parliament tomorrow....now, it is our responsibility to see how to handle these people. due to… pic.twitter.com/XizBiZHrAp
— ANI (@ANI) February 5, 2025
ਅਮਰੀਕੀ ਫੌਜੀ ਜਹਾਜ਼ ਨੂੰ ਭਾਰਤੀ ਸਮੇਂ ਮੁਤਾਬਕ 4 ਫਰਵਰੀ ਨੂੰ ਸਵੇਰੇ 3 ਵਜੇ ਅਮਰੀਕਾ ਤੋਂ ਰਵਾਨਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਪ੍ਰਵਾਸੀਆਂ ਨੂੰ ਭੇਜਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬਾਹਰੀ ਲੋਕਾਂ ਨੂੰ ਡਿਪੋਰਟ ਕਰਨ ਦੇ ਆਦੇਸ਼ ਦਿੱਤੇ ਸਨ।
ਸਾਂਸਦ ਗੁਰਜੀਤ ਸਿੰਘ ਔਜਲਾ ਦਾ ਬਿਆਨ
ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ "ਮੈਨੂੰ ਇਸ ਜਾਣਕਾਰੀ ਬਾਰੇ ਕੱਲ੍ਹ ਮੀਡੀਆ ਰਾਹੀਂ ਪਤਾ ਲੱਗਾ ਸੀ। ਫਿਰ ਮੈਂ ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਅਤੇ ਡੀਸੀ ਨਾਲ ਇਸਦੀ ਪੁਸ਼ਟੀ ਕੀਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹੇਠਲੇ ਮੱਧ ਵਰਗ ਦੇ ਪਰਿਵਾਰਾਂ ਨਾਲ ਸਬੰਧਤ ਹਨ। ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ..."
#WATCH | US Air Force plane carrying Indian citizens who allegedly illegally migrated to USA lands in Punjab's Amritsar. pic.twitter.com/JmT1xApZKO
— ANI (@ANI) February 5, 2025
ਔਜਲਾ ਨੇ ਅੱਗੇ ਕਿਹਾ ਕਿ "ਲੋਕ ਸਾਰੇ ਰਾਜਾਂ ਤੋਂ ਉੱਥੇ (ਅਮਰੀਕਾ) ਗਏ ਸਨ। ਸਰਕਾਰ ਨੂੰ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਕੇ ਮਦਦ ਕਰਨੀ ਚਾਹੀਦੀ ਹੈ, ਅਸੀਂ ਕੱਲ੍ਹ ਸੰਸਦ ਵਿੱਚ ਇਹ ਮੁੱਦਾ ਉਠਾਵਾਂਗੇ। ਹੁਣ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਖੀਏ ਕਿ ਇਨ੍ਹਾਂ ਲੋਕਾਂ ਨੂੰ ਕਿਵੇਂ ਸੰਭਾਲਿਆ ਜਾਵੇ। ਸਾਡੀ ਅਸਫਲਤਾ ਕਾਰਨ, ਇਹ ਲੋਕ ਵਿਦੇਸ਼ ਚਲੇ ਗਏ ਕਿਉਂਕਿ ਅਸੀਂ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਨਹੀਂ ਕਰ ਸਕੇ।"