ਹੁਸ਼ਿਆਰਪੁਰ: ਹੁਸ਼ਿਆਰਪੁਰ-ਫਗਵਾੜਾ ਮੁੱਖ ਮਾਰਗ 'ਤੇ ਕਾਰ ਅਤੇ ਮੋਟਰਸਾਇਕਲ ਵਿਚਕਾਰ ਭਿਆਨਕ ਟੱਕਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਵਿਅਕਤੀ ਦੀ ਲੱਤ ਸਰੀਰ ਤੋਂ ਵੱਖ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਘਟਨਾ ਵਾਲੀ ਥਾਂ ਤੋਂ ਕਰੀਬ 100 ਮੀਟਰ ਦੂਰ ਵਿਅਕਤੀ ਦੀ ਇੱਕ ਲੱਤ ਪਈ ਮਿਲੀ। ਮ੍ਰਿਤਕ ਦੀ ਪਛਾਣ 36 ਸਾਲਾ ਸਨਮ ਨਰਵਾਲ ਵਾਸੀ ਮੁਹੱਲਾ ਗੌਰਾਂ ਗੇਟ ਹੁਸ਼ਿਆਰਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਰਾਵਲਪਿੰਡੀ ਥਾਣੇ ਦੇ ਕੋਲ ਹਰਿਆਣਾ ਨੰਬਰ ਕ੍ਰੇਟਾ ਗੱਡੀ ਦੀ ਬਾਈਕ ਨਾਲ ਟੱਕਰ ਹੋਣ ਕਰਕੇ ਵਾਪਰਿਆ।
ਮੁਲਜ਼ਮ ਮੌਕੇ ਤੋਂ ਫ਼ਰਾਰ
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਰੋਹਿਤ (ਮ੍ਰਿਤਕ ਦਾ ਰਿਸ਼ਤੇਦਾਰ) ਨੇ ਦੱਸਿਆ ਕਿ ਉਨ੍ਹਾਂ ਨੂੰ ਨੂੰਹ ਆਂਚਲ ਦੇ ਭਰਾ ਦੇ ਸੜਕ ਹਾਦਸੇ 'ਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਜਿਸ ਕਾਰਨ ਜਦੋਂ ਉਹ ਸਿਵਲ ਹਸਪਤਾਲ ਪਹੁੰਚਿਆ, ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਰੋਹਿਤ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ 'ਤੇ ਇਕ ਘੰਟੇ ਬਾਅਦ ਮ੍ਰਿਤਕ ਦੀ ਲੱਤ ਮਿਲੀ। ਮ੍ਰਿਤਕ ਵਿਆਹਿਆ ਹੈ ਅਤੇ ਉਸ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਰੋਹਿਤ ਅਨੁਸਾਰ ਪਹਿਲਾਂ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰਨ ਦੀ ਗੱਲ ਕਹੀ ਗਈ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਰੋਹਿਤ ਮੁਤਾਬਕ ਫ਼ਰਾਰ ਡਰਾਈਵਰ ਦੀ ਤਸਵੀਰ ਉਸ ਕੋਲ ਹੈ। ਉਨ੍ਹਾਂ ਡਰਾਈਵਰ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਇਹ ਸੜਕ ਹਾਦਸਾ ਨਹੀਂ, ਸਗੋਂ ਕਤਲ ਹੈ।
ਭੈਣ ਨੂੰ ਮਿਲਣ ਜਾ ਰਿਹਾ ਸੀ ਮ੍ਰਿਤਕ
ਦੱਸਿਆ ਜਾ ਰਿਹਾ ਹੈ ਕਿ ਸਨਮ ਆਪਣੀ ਭੈਣ ਨੂੰ ਮਿਲਣ ਲਈ ਬਾਈਕ 'ਤੇ ਫਗਵਾੜਾ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਰਾਵਲਪਿੰਡੀ ਥਾਣੇ ਦੇ ਐਸਐਚਓ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਸਨਮ ਨਰਵਾਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਨਮ ਫਗਵਾੜਾ ਸਥਿਤ ਆਪਣੀ ਭੈਣ ਦੇ ਘਰ ਜਾ ਰਿਹਾ ਸੀ। ਰਾਵਲ ਪਿੰਡੀ ਨੇੜੇ ਸਾਹਮਣੇ ਤੋਂ ਇੱਕ ਕਾਲੇ ਰੰਗ ਦੀ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਲੱਤ ਉਸ ਦੇ ਸਰੀਰ ਤੋਂ ਵੱਖ ਹੋ ਕੇ ਖੇਤਾਂ ਵਿਚ ਪਈ ਮਿਲੀ।
ਹਸਪਤਾਲ ਵਿੱਚ ਇਲਾਜ ਦੌਰਾਨ ਮੌਤ
ਇਸੇ ਦੌਰਾਨ ਸਨਮ ਨਰਵਾਲ ਦੀ ਭੈਣ ਆਂਚਲ ਆਨੰਦ ਪਤਨੀ ਹਿਮਾਂਸ਼ੂ ਮੁਹੱਲਾ ਨਿਊ ਮਾਡਲ ਟਾਊਨ ਫਗਵਾੜਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਰਾਤ ਕਰੀਬ 8.45 ਵਜੇ ਉਸ ਦੇ ਪਤੀ ਹਿਮਾਂਸ਼ੂ ਦਾ ਫੋਨ ਆਇਆ ਕਿ ਉਸ ਦਾ ਭਰਾ ਸਨਮ ਨਰਵਾਲ ਆਪਣੇ ਮੋਟਰਸਾਈਕਲ ’ਤੇ ਫਗਵਾੜਾ ਆ ਰਿਹਾ ਹੈ। ਜਦੋਂ ਉਹ ਪਿੰਡ ਜਗਜੀਤਪੁਰ ਕੋਲ ਪਹੁੰਚਿਆ, ਤਾਂ ਹਰਿਆਣਾ ਨੰਬਰ ਦੀ ਕਾਰ ਦੇ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਭਰਾ ਸਨਮ ਦੇ ਮੋਟਰਸਾਈਕਲ ਨੂੰ ਗਲਤ ਸਾਈਡ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਭਰਾ ਦੀ ਇੱਕ ਲੱਤ ਵੱਢੀ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਸਨਮ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁੱਕਾ ਹੈ। ਸਨਮ ਆਪਣੀ ਪਤਨੀ ਨਾਲ ਭੁੰਤਰ, ਹਿਮਾਚਲ ਵਿੱਚ ਰਹਿੰਦਾ ਹੈ। ਉਸ ਦੀ ਇੱਕ ਛੋਟੀ ਧੀ ਵੀ ਹੈ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਕਾਰ ਵਿੱਚੋਂ ਬੀਅਰ ਦੀਆਂ ਬੋਤਲਾਂ ਵੀ ਮਿਲੀਆਂ ਹਨ, ਜਿਨ੍ਹਾਂ ਨੂੰ ਮੁਲਜ਼ਮਾਂ ਵਲੋਂ ਬਾਹਰ ਸੁੱਟ ਦਿੱਤਾ ਗਿਆ। ਇਸ ਦੇ ਬਾਵਜੂਦ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।