ਅੰਮ੍ਰਿਤਸਰ : ਕਹਿੰਦੇ ਨੇ ਡਾਕਟਰ ਰੱਬ ਦਾ ਰੂਪ ਹੁੰਦੇ ਹਨ, ਜੋ ਮਰਦੇ ਬੰਦੇ ਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਪਰ ਜੇਕਰ ਡਾਕਟਰ ਹੀ ਮੌਤ ਦਾ ਕਾਰਨ ਬਣ ਜਾਣ ਤਾਂ ਫਿਰ ਇਨਸਾਨ ਭਰੋਸਾ ਕਿਸ ਉੱਤੇ ਕਰੇ ? ਦਰਅਸਲ, ਮਾਮਲਾ ਅੰਮ੍ਰਿਤਸਰ ਤੋਂ ਸ੍ਹਾਮਣੇ ਆਇਆ ਹੈ, ਜਿਥੇ ਇੱਕ ਨਿੱਜੀ ਹਸਪਤਾਲ ਵਿੱਚ ਬੀਤੇ ਦਿਨੀਂ ਹੋਈ ਮਹਿਲਾ ਦੀ ਮੌਤ ਤੋਂ ਬਾਅਦ ਅੱਜ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਪਰਿਵਾਰ ਨੇ ਹਸਪਤਾਲ ਦੇ ਸਟਾਫ ਉੱਤੇ ਇਲਾਜ ਵਿੱਚ ਕੁਤਾਹੀ ਵਰਤਣ ਅਤੇ ਪਰਿਵਾਰ ਨਾਲ ਝੂਠ ਬੋਲਣ ਦੇ ਇਲਜ਼ਾਮ ਲਗਾਏ ਹਨ। ਆਪਣੀ ਜਵਾਨ ਕੁੜੀ ਦੀ ਮੌਤ ਤੋਂ ਦੁਖੀ ਪਰਿਵਾਰ ਨੇ ਹਸਪਤਾਲ ਪ੍ਰਸ਼ਾਸ਼ਨ ਦੇ ਖਿਲਾਫ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਅੰਮ੍ਰਿਤਸਰ ਵਿਖੇ 20 ਸਾਲਾਂ ਵਿਆਹੁਤਾ ਦੀ ਹੋਈ ਮੌਤ (ਅੰਮ੍ਰਿਤਸਰ ਪੱਤਰਕਾਰ) ਸਟੰਟ ਪਾਉਣ ਬਾਰੇ ਡਾਕਟਰਾਂ ਨੇ ਬੋਲਿਆ ਝੂਠ
ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ 5 ਦਿਨ ਪਹਿਲਾਂ ਉਨ੍ਹਾਂ ਨੂੰ ਆਪਣੀ ਲੜਕੀ ਨੂੰ ਪੱਥਰੀ ਹੋਣ ਦਾ ਸ਼ੱਕ ਸੀ, ਜਿਸ ਦੇ ਚੱਲਦੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਤੁਹਾਡੀ ਲੜਕੀ ਨੂੰ ਪੀਲੀਆ ਹੈ। ਇਸ ਦੇ ਸਟੰਟ ਵੀ ਪਾਉਣਾ ਪੈਣਾ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਲੜਕੀ ਦੇ ਸਟੰਟ ਪਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ ਅਤੇ ਉਨ੍ਹਾਂ ਦੀ ਲੜਕੀ ਨੂੰ ਜਦੋਂ ਫਿਰ ਦਰਦ ਉੱਠੀ, ਤਾਂ ਉਹਨਾਂ ਘਰ ਦੇ ਨਜ਼ਦੀਕ ਡਾਕਟਰ ਨੂੰ ਦਿਖਾਇਆ, ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਦੇ ਤਾਂ ਕੋਈ ਸਟੰਟ ਪਾਇਆ ਹੀ ਨਹੀਂ ਗਿਆ।
ਪਰਿਵਾਰ ਨੇ ਮੰਗਿਆ ਇਨਸਾਫ, ਪੁਲਿਸ ਨੇ ਦਿੱਤਾ ਭਰੋਸਾ
ਪੀੜਤ ਪਰਿਵਾਰ ਨੇ ਦੱਸਿਆ ਕਿ ਫਿਰ ਦੁਬਾਰਾ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਤਾਂ ਇਨ੍ਹਾਂ ਨੇ ਕਿਹਾ ਕਿ ਤੁਸੀ ਥੌੜੇ ਪੈਸ ਦੇ ਦਿਓ, ਅਸੀਂ ਸਟੰਟ ਪਾ ਦਿੰਦੇ ਹਾਂ। ਪੀੜਤ ਪਰਿਵਾਰ ਨੇ ਲੱਖ ਰੁਪਏ ਦੇ ਕਰੀਬ ਹੋਰ ਪੈਸੇ ਜਮਾਂ ਕਰਵਾਏ, ਪਰ ਥੋੜਾ ਸਮਾਂ ਬਾਅਦ ਡਾਕਟਰਾਂ ਨੇ ਆ ਕੇ ਕਹਿ ਦਿੱਤਾ ਕਿ ਉਨ੍ਹਾਂ ਦੇ ਮਰੀਜ ਦੀ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਹਸਪਤਾਲ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰ ਇਨਸਾਫ ਦੀ ਮੰਗ ਕਰਦਿਆਂ ਡਾਕਟਰ ਉੱਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ। ਉਥੇ ਹੀ ਮੌਕੇ ‘ਤੇ ਪੁਲਿਸ ਅਧਿਕਾਰੀ ਵੀ ਪੁੱਜੇ ਅਤੇ ਉਨ੍ਹਾਂ ਵਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਅੱਜ ਸਿਵਲ ਸਰਜਨ ਅਤੇ ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਡਾਕਟਰ ਦੋਸ਼ੀ ਪਾਇਆ ਗਿਆ ਤੇ ਉਸ ਦੇ ਖਿਲਾਫ਼ ਕਾਰਵਾਈ ਹੋਵੇਗੀ। ਪਰ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਨੂੰ ਲਾਰਿਆਂ ਵਿੱਚ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਆਪਣੀ ਲੜਕੀ ਦਾ ਸੰਸਕਾਰ ਨਹੀਂ ਕਰਾਂਗੇ ਜਦ ਤੱਕ ਸਾਨੂੰ ਪੂਰਾ ਇਨਸਾਫ ਨਹੀਂ ਮਿਲ ਜਾਂਦਾ।
ਮੈਡੀਕਲ ਬੋਰਡ ਕਰੇਗਾ ਜਾਂਚ
ਇਸ ਮੌਕੇ ਏਡੀਸੀਪੀ ਹਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜੋ ਲੜਕੀ ਦੀ ਮੌਤ ਹੋਈ ਸੀ ਉਹ ਦਾ ਅੱਜ ਵੀਡੀਓਗ੍ਰਾਫੀ ਕਰ ਪੋਸਟਮਾਰਟਮ ਕਰਵਾਇਆ ਗਿਆ ਹੈ। ਉਥੇ ਹੀ ਸਿਵਲ ਸਰਜਨ ਵੱਲੋਂ ਵੀ ਇੱਕ ਮੈਡੀਕਲ ਬੋਰਡ ਬਣਾਇਆ ਜਾ ਰਿਹਾ ਹੈ, ਜੋ ਮੌਤ ਦੇ ਸਾਰੇ ਕਾਰਨਾਂ ਦੀ ਜਾਂਚ ਕਰੇਗਾ। ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਡਾਕਟਰ ਨੇ ਸਟੰਟ ਪਾਇਆ ਹੈ ਜਾਂ ਨਹੀਂ।