ਲੁਧਿਆਣਾ: ਬਸਤੀ ਜੋਧੇਵਾਲ ਦੇ ਅਧੀਨ ਪੈਂਦੇ ਬੀਐੱਸ ਸਟੇਟ ਇਲਾਕੇ ਦੇ ਵਿੱਚ 17 ਸਾਲ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ ਕਿ ਲੜਕੇ ਦੇ ਕਿਸੇ ਲੜਕੀ ਦੇ ਨਾਲ ਸਬੰਧ ਸਨ ਅਤੇ ਲੜਕੀ ਨਾਲ ਉਸ ਦੀ ਗੱਲ ਹੋ ਰਹੀ ਸੀ ਜਦੋਂ ਉਸ ਨੇ ਕਮਰੇ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਪਰਿਵਾਰ ਨੇ ਕਿਹਾ ਕਿ ਇਸ ਦੀ ਬਕਾਇਦਾ ਚੈਟ ਵੀ ਸਾਡੇ ਕੋਲ ਹੈ ਜਿਸ ਦੇ ਵਿੱਚ ਲੜਕੀ ਉਸ ਨੂੰ ਛਾਲ ਮਾਰਨ ਲਈ ਕਹਿ ਰਹੀ ਹੈ। ਭਾਵ ਕਿ ਲੜਕੇ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ ਗਿਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮ੍ਰਿਤਕ ਲੜਕੇ ਦਾ ਮੋਬਾਇਲ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਚੈਟ ਦੇ ਅਧਾਰ ਉੱਤੇ ਸਾਰਾ ਡਾਟਾ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ।
17 ਸਾਲ ਦੇ ਲੜਕੇ ਨੇ ਕੀਤੀ ਖੁਦਕੁਸ਼ੀ (Etv Bharat) ਪੀੜਤ ਪਰਿਵਾਰ ਨੇ ਲੜਕੀ ਉੱਤੇ ਲਗਾਏ ਇਲਜ਼ਾਮ
ਮ੍ਰਿਤਕ ਲੜਕੇ ਦੇ ਪਿਤਾ ਨੇ ਦੱਸਿਆ ਕਿ "ਉਨ੍ਹਾਂ ਦੇ ਪੁੱਤਰ ਦੀ 17 ਸਾਲ ਦੀ ਉਮਰ ਸੀ ਅਤੇ ਲਗਭਗ ਇੱਕ ਸਾਲ ਤੋਂ ਉਨ੍ਹਾਂ ਦੇ ਪੁੱਤਰ ਦੀ ਇੱਕ ਲੜਕੀ ਦੇ ਨਾਲ ਦੋਸਤੀ ਸੀ। ਇਹ ਦੋਵੇਂ ਇਕੱਠੇ ਹੀ ਰਹਿੰਦੇ ਸਨ। ਲੜਕੀ ਨੇ ਮੇਰੇ ਪੁੱਤਰ ਨੂੰ ਲੜਕੀ ਨੇ ਖੁਦਕੁਸ਼ੀ ਕਰਨ ਲਈ ਉਕਸਾਇਆ ਹੈ, ਜਿਸ ਦਾ ਸਾਡੇ ਕੋਲ ਸਬੂਤ ਵੀ ਹੈ।"ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਲੜਕੀ ਖਿਲਾਫ ਕਾਰਵਾਈ ਕਰਨ ਲਈ ਕਿਹਾ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਇਸ ਸਬੰਧੀ ਲੁਧਿਆਣਾ ਬਸਤੀ ਯੋਧੇਵਾਲ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਦੱਸਿਆ ਕਿ ਸਾਡੇ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਲੜਕੇ ਦਾ ਮੋਬਾਇਲ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਉਸ ਦੀ ਜਾਂਚ ਕਰਵਾ ਰਹੇ ਹਨ, ਜੋ ਵੀ ਸਬੂਤ ਮਿਲਣਗੇ ਪੁਲਿਸ ਉਸੇ ਦੇ ਅਧਾਰ ਉੱਤੇ ਕਾਰਵਾਈ ਕਰੇਗੀ।