ਨਵੀਂ ਦਿੱਲੀ: ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਵਿੱਚ ਮਹਿਲਾਵਾਂ ਦੇ 50 ਕਿਲੋਗ੍ਰਾਮ ਕੁਸ਼ਤੀ ਫਾਈਨਲ ਵਿੱਚ 100 ਗ੍ਰਾਮ ਵੱਧ ਵਜ਼ਨ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਦਿੱਲੀ ਪਰਤ ਆਈ। ਉਨ੍ਹਾਂ ਦੇ ਵਤਨ ਪਰਤਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਸਵਾਗਤ ਲਈ ਉਨ੍ਹਾਂ ਦੇ ਪਿੰਡ ਦੇ ਹਜ਼ਾਰਾਂ ਲੋਕ ਹਵਾਈ ਅੱਡੇ 'ਤੇ ਇਕੱਠੇ ਹੋਏ ਸਨ। ਪੈਰਿਸ ਤੋਂ ਬਿਨਾਂ ਤਮਗੇ ਦੇ ਪਰਤੀ ਭਾਰਤ ਦੀ ਧੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਦੇਖ ਕੇ ਭਾਵੁਕ ਹੋ ਗਈ।
ਏਅਰਪੋਰਟ 'ਤੇ ਫੁੱਟ-ਫੁੱਟ ਕੇ ਰੋ ਪਈ ਵਿਨੇਸ਼:ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਤਗ਼ਮੇ ਤੋਂ ਵਾਂਝੇ ਰਹੀ ਭਾਰਤੀ ਪਹਿਲਵਾਨ ਦੁਖੀ ਮਨ ਨਾਲ ਦਿੱਲੀ ਹਵਾਈ ਅੱਡੇ ’ਤੇ ਉਤਰੇ। ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਹਜ਼ਾਰਾਂ ਲੋਕ ਮੌਜੂਦ ਸਨ। ਇਸ ਦੌਰਾਨ ਵਿਨੇਸ਼ ਨੇ ਆਪਣੇ ਪੁਰਾਣੇ ਸਾਥੀ ਪਹਿਲਵਾਨਾਂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੂੰ ਗਲੇ ਲਗਾਇਆ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। ਬਜਰੰਗ ਅਤੇ ਸਾਕਸ਼ੀ ਨੇ ਵਿਨੇਸ਼ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਇੱਕ ਚੈਂਪੀਅਨ ਵਰਗਾ ਮਹਿਸੂਸ ਕਰਵਾਇਆ। ਵਿਨੇਸ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਚਰਖੀ ਦਾਦਰੀ ਤੱਕ ਰੋਡ ਸ਼ੋਅ: ਦਿੱਲੀ ਏਅਰਪੋਰਟ ਤੋਂ ਵਿਨੇਸ਼ ਨੇ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਬਲਾਲੀ ਤੱਕ ਇੱਕ ਖੁੱਲ੍ਹੀ ਜੀਪ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਸਮੇਤ ਕਈ ਦੋਸਤ ਉਨ੍ਹਾਂ ਦੇ ਨਾਲ ਰਹੇ। ਸੜਕ ਦੇ ਦੋਵੇਂ ਪਾਸੇ ਮੌਜੂਦ ਲੋਕਾਂ ਦੀ ਭੀੜ ਨੇ ਦੇਸ਼ ਦੀ ਬੇਟੀ ਦੇ ਸਮਰਥਨ 'ਚ ਤਾੜੀਆਂ ਮਾਰੀਆਂ। ਫਾਈਨਲ 'ਚ ਪਹੁੰਚ ਕੇ ਇਤਿਹਾਸ ਰਚਣ ਵਾਲੇ ਇਸ ਚੈਂਪੀਅਨ ਪਹਿਲਵਾਨ 'ਤੇ ਸਾਰਿਆਂ ਨੂੰ ਮਾਣ ਹੈ।
ਉਹ ਹਮੇਸ਼ਾ ਸਾਡੀ ਚੈਂਪੀਅਨ ਰਹੇਗੀ: ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ, ਜਿਨ੍ਹਾਂ ਨੇ ਪੈਰਿਸ ਵਿਚ ਭਾਰਤੀ ਦਲ ਦੇ ਸ਼ੈੱਫ ਡੀ ਮਿਸ਼ਨ ਵਜੋਂ ਸੇਵਾ ਨਿਭਾਈ, ਨੇ ਪੈਰਿਸ ਹਵਾਈ ਅੱਡੇ 'ਤੇ ਫੋਗਾਟ ਨਾਲ ਇਕ ਫੋਟੋ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੂੰ ਚੈਂਪੀਅਨ ਕਿਹਾ ਗਿਆ। ਦੋਵੇਂ ਦਿੱਲੀ ਵਾਪਸੀ ਲਈ ਇੱਕੋ ਫਲਾਈਟ ਵਿੱਚ ਸਨ। ਨਾਰੰਗ ਨੇ ਐਕਸ 'ਤੇ ਲਿਖਿਆ, 'ਉਹ ਪਹਿਲੇ ਦਿਨ ਤੋਂ ਹੀ ਖੇਡ ਪਿੰਡ 'ਚ ਚੈਂਪੀਅਨ ਬਣ ਕੇ ਆਈ ਸੀ ਅਤੇ ਉਹ ਹਮੇਸ਼ਾ ਸਾਡੀ ਚੈਂਪੀਅਨ ਰਹੇਗੀ। ਕਈ ਵਾਰ ਤੁਹਾਨੂੰ ਅਰਬਾਂ ਸੁਪਨਿਆਂ ਨੂੰ ਪ੍ਰੇਰਿਤ ਕਰਨ ਲਈ ਓਲੰਪਿਕ ਮੈਡਲ ਦੀ ਲੋੜ ਨਹੀਂ ਹੁੰਦੀ ਹੈ। ਵਿਨੇਸ਼ ਫੋਗਾਟ, ਤੁਸੀਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਤੁਹਾਡੀ ਹਿੰਮਤ ਨੂੰ ਸਲਾਮ'।