ਨਵੀਂ ਦਿੱਲੀ:ਪੂਰਾ ਦੇਸ਼ ਟੀ-20 ਵਿਸ਼ਵ ਕੱਪ 2024 ਦੀ ਜਿੱਤ ਦੇ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਭਾਰਤ ਨੇ 11 ਸਾਲ ਬਾਅਦ ਟਰਾਫੀ ਦੇ ਸੋਕੇ ਨੂੰ ਖਤਮ ਕਰਦੇ ਹੋਏ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇਸ ਜਸ਼ਨ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਇਕ ਤੋਂ ਬਾਅਦ ਇਕ ਦੋ ਝਟਕੇ ਲੱਗੇ। ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੀ-20 ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਫਾਈਨਲ ਨੂੰ ਆਪਣੇ ਟੀ-20 ਕਰੀਅਰ ਦਾ ਆਖਰੀ ਮੈਚ ਦੱਸ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਤੁਰੰਤ ਬਾਅਦ ਰੋਹਿਤ ਸ਼ਰਮਾ ਨੇ ਵੀ ਇਹ ਐਲਾਨ ਕੀਤਾ। ਆਈਸੀਸੀ ਅਤੇ ਬੀਸੀਸੀਆਈ ਨੇ ਟੀ-20 ਇੰਟਰਨੈਸ਼ਨਲ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਸਾਂਝੀ ਕੀਤੀ ਹੈ।
ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਸੰਨਿਆਸ ਲੈਂਦੇ ਹੋਏ ਕਿਹਾ, 'ਇਹ ਮੇਰਾ ਆਖਰੀ ਮੈਚ ਵੀ ਸੀ। ਸੰਨਿਆਸ ਲੈਣ ਲਈ ਹੁਣ ਤੋਂ ਵਧੀਆ ਸਮਾਂ ਨਹੀਂ ਹੋ ਸਕਦਾ। ਮੈਂ ਟਰਾਫੀ ਨੂੰ ਬੁਰੀ ਤਰ੍ਹਾਂ ਚਾਹੁੰਦਾ ਸੀ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ। ਇਹੀ ਹੈ ਜੋ ਮੈਂ ਚਾਹੁੰਦਾ ਸੀ ਅਤੇ ਇਹੀ ਹੋਇਆ। ਮੈਂ ਆਪਣੀ ਜ਼ਿੰਦਗੀ ਵਿੱਚ ਇਸ ਲਈ ਬਹੁਤ ਬੇਤਾਬ ਸੀ। ਖੁਸ਼ੀ ਹੈ ਕਿ ਇਸ ਵਾਰ ਅਸੀਂ ਇਹ ਹਾਸਲ ਕੀਤਾ ਹੈ।
ਰੋਹਿਤ ਸ਼ਰਮਾ ਦੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ, 'ਮੈਂ ਇੱਕ ਵਿਅਕਤੀ ਦੇ ਤੌਰ 'ਤੇ ਉਨ੍ਹਾਂ ਦੀ ਕਮੀ ਮਹਿਸੂਸ ਕਰਾਂਗਾ, ਜੋ ਚੀਜ਼ ਮੈਨੂੰ ਪ੍ਰਭਾਵਿਤ ਕਰਦੀ ਹੈ, ਉਹ ਹੈ ਕਿ ਉਹ ਕਿਸ ਤਰ੍ਹਾਂ ਦੇ ਵਿਅਕਤੀ ਹਨ, ਉਨ੍ਹਾਂ ਨੇ ਮੈਨੂੰ ਜੋ ਸਨਮਾਨ ਦਿੱਤਾ ਹੈ, ਟੀਮ ਲਈ ਉਨ੍ਹਾਂ ਦੇ ਮਨ 'ਚ ਜੋ ਚਿੰਤਾ ਅਤੇ ਵਚਨਬੱਧਤਾ ਸੀ, ਜਿਸ ਤਰ੍ਹਾਂ ਦੀ ਊਰਜਾ ਉਨ੍ਹਾਂ ਨੇ ਖਰਚ ਕੀਤੀ ਅਤੇ ਕਦੇ ਪਿੱਛੇ ਨਹੀਂ ਹਟੇ। ਮੇਰੇ ਲਈ, ਉਹ ਉਹ ਵਿਅਕਤੀ ਹੋਣਗੇ, ਜਿਸ ਨੂੰ ਮੈਂ ਸਭ ਤੋਂ ਜ਼ਿਆਦਾ ਯਾਦ ਕਰਾਂਗਾ।'
ਹੈਰਾਨੀਜਨਕ ਗੱਲ ਇਹ ਹੈ ਕਿ, ਰੋਹਿਤ ਸ਼ਰਮਾ ਨੇ 2007 ਦੇ ਟੀ-20 ਵਿਸ਼ਵ ਕੱਪ 'ਚ ਆਪਣਾ ਡੈਬਿਊ ਕੀਤਾ ਸੀ ਅਤੇ 2024 ਦੇ ਟੀ-20 ਵਿਸ਼ਵ ਕੱਪ 'ਚ ਹੀ ਆਪਣਾ ਆਖਰੀ ਮੈਚ ਖੇਡਿਆ ਅਤੇ ਟਰਾਫੀ ਦੇ ਨਾਲ ਸਨਮਾਨਜਨਕ ਵਿਦਾਇਗੀ ਕੀਤੀ। ਰੋਹਿਤ ਸ਼ਰਮਾ ਨੇ 2007 ਤੋਂ 2024 ਤੱਕ ਹੋਣ ਵਾਲੇ ਸਾਰੇ ਟੀ-20 ਵਿਸ਼ਵ ਕੱਪਾਂ 'ਚ ਹਿੱਸਾ ਲਿਆ ਹੈ।
ਰੋਹਿਤ ਸ਼ਰਮਾ ਦੇ ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਉਹ 151 ਟੀ-20 ਮੈਚ ਖੇਡ ਚੁੱਕੇ ਹਨ। ਜਿਸ 'ਚ ਉਨ੍ਹਾਂ ਦੇ ਨਾਂ 151 ਪਾਰੀਆਂ 'ਚ 4231 ਦੌੜਾਂ ਹਨ। ਉਨ੍ਹਾਂ ਨੇ ਟੀ-20 ਵਿਚ 32.05 ਦੀ ਔਸਤ ਅਤੇ 140.89 ਦੇ ਸਟ੍ਰਾਈਕ ਰੇਟ ਨਾਲ 5 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ ਹਨ। ਟੀ-20 ਅੰਤਰਰਾਸ਼ਟਰੀ ਵਿਚ ਰੋਹਿਤ ਦਾ ਸਰਵੋਤਮ ਸਕੋਰ 121 ਨਾਬਾਦ ਹੈ, ਜੋ ਇਸ ਸਾਲ ਜਨਵਰੀ ਵਿਚ ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਵਿਚ ਆਇਆ ਸੀ।