ਪੰਜਾਬ

punjab

ETV Bharat / sports

ਪੰਜਾਬ ਕਿੰਗਜ਼ ਦੇ ਮਾਲਕਾਂ 'ਚ ਵਧਿਆ ਕਾਟੋ ਕਲੇਸ਼, ਹਾਈਕੋਰਟ ਪਹੁੰਚੀ ਪ੍ਰੀਟੀ ਜ਼ਿੰਟਾ, ਜਾਣੋ ਕੀ ਹੈ ਮਾਮਲਾ - punjab kings

IPL 2025 ਦੀ ਨਿਲਾਮੀ ਤੋਂ ਪਹਿਲਾਂ ਹੀ ਕਿੰਗਜ਼ ਪੰਜਾਬ ਦੀ ਟੀਮ ਵਿਵਾਦਾਂ ਵਿੱਚ ਘਿਰੀ ਹੋਈ ਹੈ। ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਕ੍ਰਿਕਟ ਟੀਮ ਦੀ ਸਹਿ-ਮਾਲਕ ਪ੍ਰਿਟੀ ਜ਼ਿੰਟਾ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਪੜ੍ਹੋ ਕੀ ਹੈ ਸਾਰਾ ਮਾਮਲਾ...

Punjab Kings ਦੇ ਮਾਲਕਾਂ ਵਿਚਾਲੇ ਵਧਿਆ ਵਿਵਾਦ
Punjab Kings ਦੇ ਮਾਲਕਾਂ ਵਿਚਾਲੇ ਵਧਿਆ ਵਿਵਾਦ (ETV BHARAT)

By ETV Bharat Sports Team

Published : Aug 18, 2024, 9:11 AM IST

Updated : Aug 18, 2024, 10:21 AM IST

ਚੰਡੀਗੜ੍ਹ: ਇੰਡੀਅਨ ਪ੍ਰੀਮੀਅਰ ਲੀਗ (IPL)-2025 ਲਈ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਫਰੈਂਚਾਈਜ਼ੀ ਪੰਜਾਬ ਕਿੰਗਜ਼ ਦੇ ਮਾਲਕ ਆਹਮੋ-ਸਾਹਮਣੇ ਹੋ ਗਏ ਹਨ। ਕੇਪੀਐਚ ਡਰੀਮ ਕ੍ਰਿਕੇਟ ਪ੍ਰਾਈਵੇਟ ਲਿਮਟਿਡ ਦੀ ਸਹਿ-ਮਾਲਕ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਫ੍ਰੈਂਚਾਇਜ਼ੀ ਦੇ ਸਭ ਤੋਂ ਵੱਡੇ ਸ਼ੇਅਰਧਾਰਕ ਮੋਹਿਤ ਬਰਮਨ ਦੇ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਪੰਜਾਬ ਕਿੰਗਜ਼ ਦੇ ਮਾਲਕਾਂ 'ਚ ਕਲੇਸ਼: ਪਟੀਸ਼ਨ 'ਚ ਪ੍ਰੀਤੀ ਜ਼ਿੰਟਾ ਨੇ ਕਿਹਾ ਹੈ ਕਿ ਫਰੈਂਚਾਇਜ਼ੀ ਦਾ ਸਹਿ-ਮਾਲਕ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਹੈ, ਜਿਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਪਟੀਸ਼ਨ 'ਤੇ 20 ਅਗਸਤ ਨੂੰ ਵਧੀਕ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ 'ਚ ਸੁਣਵਾਈ ਹੋਵੇਗੀ। ਬਰਮਨ ਦੀ ਪੰਜਾਬ ਕਿੰਗਜ਼ 'ਚ 48 ਫੀਸਦੀ ਹਿੱਸੇਦਾਰੀ ਹੈ ਜਦਕਿ ਪ੍ਰੀਤੀ ਜ਼ਿੰਟਾ ਅਤੇ ਨੇਸ ਵਾਡੀਆ ਦੀ 23-23 ਫੀਸਦੀ ਹਿੱਸੇਦਾਰੀ ਹੈ। ਬਾਕੀ ਸ਼ੇਅਰ ਚੌਥੇ ਹਿੱਸੇਦਾਰ ਕਰਨ ਪਾਲ ਕੋਲ ਹਨ।

ਹਿੱਸੇਦਾਰੀ ਵੇਚਣ ਨੂੰ ਲੈਕੇ ਤਕਰਾਰ: ਦੱਸਿਆ ਜਾ ਰਿਹਾ ਹੈ ਕਿ ਬਰਮਨ ਆਪਣੀ 11.5 ਫੀਸਦੀ ਹਿੱਸੇਦਾਰੀ ਕਿਸੇ ਤੀਜੀ ਧਿਰ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਹਨ। ਸ਼ੇਅਰ ਵੇਚਣਾ ਇੱਕ ਆਮ ਕਾਰੋਬਾਰੀ ਪ੍ਰਕਿਰਿਆ ਹੈ ਪਰ ਫਰੈਂਚਾਈਜ਼ੀ ਦੇ ਭਾਈਵਾਲਾਂ ਵਿਚਕਾਰ ਇੱਕ ਅੰਦਰੂਨੀ ਸਮਝੌਤਾ ਹੁੰਦਾ ਹੈ ਕਿ ਸ਼ੇਅਰ ਪਹਿਲਾਂ ਮੌਜੂਦਾ ਭਾਈਵਾਲਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਪਟੀਸ਼ਨ ਮੁਤਾਬਕ ਪ੍ਰੀਟੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ, ਇਸ ਲਈ ਉਨ੍ਹਾਂ ਨੇ ਇਨ੍ਹਾਂ ਸ਼ੇਅਰਾਂ ਨੂੰ ਵੇਚਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪਟੀਸ਼ਨ ਤੋਂ ਬਾਅਦ ਅਦਾਲਤ ਨੇ ਬਰਮਨ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਇਕ ਰਿਪੋਰਟ ਮੁਤਾਬਕ ਬਰਮਨ ਨੇ ਆਪਣੀ ਹਿੱਸੇਦਾਰੀ ਵੇਚਣ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਹੈ ਕਿ ਮੇਰੀ ਹਿੱਸੇਦਾਰੀ ਵੇਚਣ ਦੀ ਕੋਈ ਯੋਜਨਾ ਨਹੀਂ ਹੈ।

ਅਦਾਲਤ ਪੁੱਜੀ ਅਦਾਕਾਰਾ:ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996 ਦੀ ਧਾਰਾ 9 ਤਹਿਤ ਅੰਤਰਿਮ ਉਪਾਅ ਅਤੇ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕਰਦੇ ਹੋਏ ਇਹ ਪਟੀਸ਼ਨ ਦਾਇਰ ਕੀਤੀ ਹੈ। ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਅਰਾਂ ਨੂੰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਦੂਜੇ ਸ਼ੇਅਰਧਾਰਕ ਉਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਕਰ ਰਹੇ ਹੋਣ। ਇਸ ਮਾਮਲੇ ਵਿੱਚ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਬਾਕੀ ਸ਼ੇਅਰਧਾਰਕਾਂ ਨੇ ਅਜੇ ਬਰਮਨ ਦੇ ਇਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਪੰਜਾਬ ਕਿੰਗਜ਼ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਖਾਸ ਨਹੀਂ ਰਿਹਾ ਆਈਪੀਐਲ ਪ੍ਰਦਰਸ਼ਨ: ਪੰਜਾਬ ਕਿੰਗਜ਼ ਦੀ 11.5 ਫੀਸਦੀ ਹਿੱਸੇਦਾਰੀ ਦੀ ਕੀਮਤ 540 ਤੋਂ 600 ਕਰੋੜ ਰੁਪਏ ਦੱਸੀ ਜਾ ਸਕਦੀ ਹੈ। ਆਈਪੀਐਲ ਵਿੱਚ ਹਰ ਟੀਮ ਦੀ ਕੀਮਤ ਬਹੁਤ ਜ਼ਿਆਦਾ ਹੈ। ਪੰਜਾਬ ਕਿੰਗਜ਼ ਆਈਪੀਐਲ ਦੀਆਂ ਮੂਲ ਅੱਠ ਟੀਮਾਂ ਵਿੱਚੋਂ ਇੱਕ ਰਹੀ ਹੈ। ਤੁਹਾਨੂੰ ਦੱਸ ਦਈਏ ਕਿ IPL ਦੇ 17 ਸਾਲਾਂ ਦੇ ਇਤਿਹਾਸ 'ਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਟੀਮ ਸਾਲ 2014 'ਚ ਸਿਰਫ ਇਕ ਵਾਰ ਫਾਈਨਲ 'ਚ ਪਹੁੰਚੀ ਸੀ, ਜਿੱਥੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਟੀਮ ਸਿਰਫ ਇੱਕ ਵਾਰ ਪਲੇਆਫ ਵਿੱਚ ਪਹੁੰਚ ਸਕੀ ਹੈ। ਆਈਪੀਐਲ ਦੇ 17ਵੇਂ ਸੀਜ਼ਨ ਵਿੱਚ ਵੀ ਟੀਮ ਦਾ ਪ੍ਰਦਰਸ਼ਨ ਬਹੁਤ ਖ਼ਰਾਬ ਰਿਹਾ ਸੀ। ਟੀਮ ਨੇ 14 'ਚੋਂ 5 ਮੈਚ ਜਿੱਤੇ ਅਤੇ 9 ਮੈਚ ਹਾਰੇ ਅਤੇ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਰਹੀ।

ਮੈਗਾ ਨਿਲਾਮੀ ਤੋਂ ਪਹਿਲਾਂ ਵਿਵਾਦ:ਕਾਬਿਲੇਗੌਰ ਹੈ ਕਿ ਆਈਪੀਐਲ 2025 ਦੀ ਨਿਲਾਮੀ ਤੋਂ ਪਹਿਲਾਂ ਹੀ ਕਿੰਗਜ਼ ਪੰਜਾਬ ਦੀ ਟੀਮ ਵਿਵਾਦਾਂ ਵਿੱਚ ਘਿਰੀ ਹੋਈ ਹੈ। ਆਈਪੀਐਲ ਦੀ ਮੈਗਾ ਨਿਲਾਮੀ ਅਗਲੇ ਸਾਲ ਜਨਵਰੀ 2025 ਵਿੱਚ ਹੋਣੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਚੇਅਰਮੈਨ ਅਰੁਣ ਸਿੰਘ ਧੂਮਲ ਨੇ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸ ਦੀਆਂ ਤਰੀਕਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਕੁੱਲ 204 ਖਿਡਾਰੀਆਂ 'ਤੇ ਬੋਲੀ ਲਗਾਈ ਗਈ ਸੀ। ਇਸ ਸਾਲ ਵੀ ਖਿਡਾਰੀ ਮੈਗਾ ਨਿਲਾਮੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Last Updated : Aug 18, 2024, 10:21 AM IST

ABOUT THE AUTHOR

...view details