ਪੈਰਿਸ (ਫਰਾਂਸ) : ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਮੰਗਲਵਾਰ ਨੂੰ ਜਰਮਨੀ ਖਿਲਾਫ ਹੋਣ ਵਾਲੇ ਪੈਰਿਸ ਓਲੰਪਿਕ 2024 ਦੇ ਹਾਕੀ ਸੈਮੀਫਾਈਨਲ ਮੈਚ ਵਿਚ ਨਹੀਂ ਖੇਡ ਸਕਣਗੇ। ਕਿਉਂਕਿ ਹਾਕੀ ਇੰਡੀਆ ਨੇ ਉਨ੍ਹਾਂ 'ਤੇ ਲਗਾਈ ਇਕ ਮੈਚ ਦੀ ਪਾਬੰਦੀ ਦੇ ਖਿਲਾਫ ਦਾਇਰ ਕੀਤੀ ਅਪੀਲ ਨੂੰ ਹਾਕੀ ਦੀ ਵਿਸ਼ਵ ਸੰਸਥਾ ਐੱਫ.ਆਈ.ਐੱਚ. ਨੇ ਰਦ ਕਰ ਦਿੱਤਾ ਹੈ।
ਅਮਿਤ ਰੋਹੀਦਾਸ ਸੈਮੀਫਾਈਨਲ ਤੋਂ ਬਾਹਰ:ਅਮਿਤ ਰੋਹੀਦਾਸ ਨੂੰ ਐਤਵਾਰ ਨੂੰ ਗ੍ਰੇਟ ਬ੍ਰਿਟੇਨ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ਦੌਰਾਨ ਲਾਲ ਕਾਰਡ ਮਿਲਿਆ ਸੀ, ਜਿਸ ਕਾਰਨ ਐੱਫਆਈਐੱਚ ਨੇ ਉਸ 'ਤੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ਦਾ ਮਤਲਬ ਹੈ ਕਿ ਇਸ ਮਹੱਤਵਪੂਰਨ ਮੈਚ ਲਈ ਸਿਰਫ਼ 15 ਭਾਰਤੀ ਖਿਡਾਰੀ ਹੀ ਉਪਲਬਧ ਹੋਣਗੇ, ਜੋ ਮੌਜੂਦਾ ਕਾਂਸੀ ਤਮਗਾ ਜੇਤੂ ਖਿਡਾਰੀਆਂ ਲਈ ਵੱਡਾ ਝਟਕਾ ਹੈ।
FIH ਨੇ ਹਾਕੀ ਇੰਡੀਆ ਦੀ ਅਪੀਲ ਨੂੰ ਰੱਦ ਕੀਤਾ:ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਦੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, 'ਅਮਿਤ ਰੋਹੀਦਾਸ ਨੂੰ 4 ਅਗਸਤ ਨੂੰ ਭਾਰਤ ਅਤੇ ਗ੍ਰੇਟ ਬ੍ਰਿਟੇਨ ਵਿਚਾਲੇ ਖੇਡੇ ਗਏ ਮੈਚ ਦੌਰਾਨ FIH ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ 1 ਮੈਚ ਲਈ ਮੁਅੱਤਲ ਕੀਤਾ ਗਿਆ ਸੀ'। ਬਿਆਨ ਮੁਤਾਬਕ, 'ਮੁਅੱਤਲੀ ਦਾ ਅਸਰ ਮੈਚ ਨੰਬਰ 35 (ਜਰਮਨੀ ਖਿਲਾਫ ਭਾਰਤ ਦਾ ਸੈਮੀਫਾਈਨਲ ਮੈਚ) 'ਤੇ ਪਵੇਗਾ, ਜਿਸ 'ਚ ਅਮਿਤ ਰੋਹੀਦਾਸ ਹਿੱਸਾ ਨਹੀਂ ਲੈਣਗੇ ਅਤੇ ਭਾਰਤ ਸਿਰਫ 15 ਖਿਡਾਰੀਆਂ ਦੀ ਟੀਮ ਨਾਲ ਖੇਡੇਗਾ।'
ਇਸ ਤੋਂ ਪਹਿਲਾਂ ਹਾਕੀ ਇੰਡੀਆ ਨੇ ਰੋਹੀਦਾਸ ਦੀ ਮੁਅੱਤਲੀ ਵਿਰੁੱਧ ਅਪੀਲ ਦਾਇਰ ਕੀਤੀ ਸੀ ਪਰ ਐਫਆਈਐਚ ਦੀ ਜਿਊਰੀ ਬੈਂਚ ਨੇ ਇਸ ਨੂੰ ਰੱਦ ਕਰ ਦਿੱਤਾ ਸੀ। FIH ਨੇ ਕਿਹਾ, 'ਤੱਥਾਂ ਦੀ ਜਾਂਚ ਅਤੇ ਚਰਚਾ ਤੋਂ ਬਾਅਦ ਹਾਕੀ ਇੰਡੀਆ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਅਮਿਤ ਸੈਮੀਫਾਈਨਲ 'ਚ ਨਹੀਂ ਖੇਡਣਗੇ।'
ਅਣਜਾਣੇ 'ਚ ਲੱਗੀ ਹਾਕੀ ਸਟਿੱਕ:ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ਦੇ ਦੂਜੇ ਕੁਆਰਟਰ 'ਚ ਰੋਹੀਦਾਸ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦੀ ਸਟਿੱਕ ਅਣਜਾਣੇ 'ਚ ਵਿਰੋਧੀ ਖਿਡਾਰੀ 'ਤੇ ਲੱਗੀ ਸੀ। ਇਸ ਮੈਚ 'ਚ ਭਾਰਤ ਨੇ ਸ਼ੂਟਆਊਟ 'ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੈਮੀਫਾਈਨਲ 'ਚ ਜਗ੍ਹਾ ਬਣਾਈ।