ਲੰਡਨ: ਨੋਵਾਕ ਜੋਕੋਵਿਚ ਨੇ ਵਿੰਬਲਡਨ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਧਮਾਕੇਦਾਰ ਐਂਟਰੀ ਕੀਤੀ ਹੈ। ਜੋਕੋਵਿਚ ਨੇ ਸ਼ੁੱਕਰਵਾਰ ਨੂੰ ਹੋਏ ਸੈਮੀਫਾਈਨਲ ਮੁਕਾਬਲੇ 'ਚ 25ਵਾਂ ਦਰਜਾ ਪ੍ਰਾਪਤ ਲੋਰੇਂਜੋ ਮੁਸੇਟੀ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇਸ ਨਾਲ ਨੋਵਾਕ ਜੋਕੋਵਿਚ ਆਪਣੇ ਅੱਠਵੇਂ ਵਿੰਬਲਡਨ ਖ਼ਿਤਾਬ 'ਤੇ ਕਬਜ਼ਾ ਕਰਨ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਹੁਣ ਫਾਈਨਲ ਵਿੱਚ ਜੋਕੋਵਿਚ ਦਾ ਸਾਹਮਣਾ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਜ਼ ਨਾਲ ਹੋਵੇਗਾ। ਇਹ ਮੈਚ ਬਹੁਤ ਧਮਾਕੇਦਾਰ ਹੋਣ ਵਾਲਾ ਹੈ। ਇਸ ਮੈਚ 'ਚ ਜੋਕੋਵਿਚ ਕਾਰਲੋਸ ਤੋਂ ਆਪਣੀ ਪਿਛਲੀ ਹਾਰ ਦਾ ਬਦਲਾ ਲੈਣਾ ਚਾਹੇਗਾ ਅਤੇ ਖਿਤਾਬ 'ਤੇ ਵੀ ਕਬਜ਼ਾ ਕਰਨਾ ਚਾਹੇਗਾ।
ਸੈਮੀਫਾਈਨਲ ਮੈਚ ਕਿਵੇਂ ਰਿਹਾ?:ਤੁਹਾਨੂੰ ਦੱਸ ਦੇਈਏ ਕਿ ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਜੋ ਕਿ ਦੂਜਾ ਦਰਜਾ ਪ੍ਰਾਪਤ ਖਿਡਾਰੀ ਹਨ। ਉਸਨੇ ਸੈਮੀਫਾਈਨਲ ਵਿੱਚ 25ਵਾਂ ਦਰਜਾ ਪ੍ਰਾਪਤ ਇਤਾਲਵੀ ਲੋਰੇਂਜੋ ਮੁਸੇਟੀ ਨੂੰ ਹਰਾਇਆ। ਸੈਮੀਫਾਈਨਲ 'ਚ ਇਸ 22 ਸਾਲਾ ਖਿਡਾਰੀ ਦੀ ਹਾਰ ਨਾਲ ਉਸ ਦਾ ਜੇਤੂ ਬਣਨ ਦਾ ਸੁਪਨਾ ਟੁੱਟ ਗਿਆ ਹੈ। ਜੋਕੋਵਿਚ ਨੇ ਲੋਰੇਂਜੋ ਮੁਸੇਟੀ ਨੂੰ 6-4, 7-6(2), 6-4 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਹ ਮੈਚ 2 ਘੰਟੇ 48 ਮਿੰਟ ਤੱਕ ਚੱਲਿਆ, ਜਿਸ ਤੋਂ ਬਾਅਦ ਜੋਕੋਵਿਚ ਨੇ ਜਿੱਤ ਦਰਜ ਕੀਤੀ ਅਤੇ ਆਪਣੇ 10ਵੇਂ ਵਿੰਬਲਡਨ ਫਾਈਨਲ ਵਿੱਚ ਪਹੁੰਚ ਗਏ।