ਮੈਲਬੌਰਨ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਲਬੌਰਨ ਕ੍ਰਿਕਟ ਗਰਾਊਂਡ 'ਤੇ ਬਾਰਡਰ ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਫਿਲਹਾਲ ਬਾਕਸਿੰਗ ਡੇ ਟੈਸਟ 'ਚ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ 6 ਵਿਕਟਾਂ ਗੁਆ ਕੇ 102 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਮਾਰਨਸ ਲਾਬੂਸ਼ੇਨ 52 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ ਅਤੇ ਸਟੀਵ ਸਮਿਥ 22 ਦੌੜਾਂ ਬਣਾ ਚੁੱਕੇ ਹਨ।
ਆਸਟ੍ਰੇਲੀਆ ਨੇ ਸੈਮ ਕਾਂਸਟੈਂਸ 8 ਅਤੇ ਉਸਮਾਨ ਖਵਾਜਾ 21 ਦੇ ਰੂਪ 'ਚ 2 ਅਹਿਮ ਬੱਲੇਬਾਜ਼ਾਂ ਸਮੇਤ 6 ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਪਹਿਲੀ ਪਾਰੀ ਦੇ 474 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 119.3 ਓਵਰਾਂ ਵਿੱਚ 369 ਦੌੜਾਂ ਬਣਾਈਆਂ ਸਨ। ਇਸ ਨਾਲ ਕੰਗਾਰੂਆਂ ਨੇ 105 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਸਮੇਂ ਤੱਕ ਆਸਟ੍ਰੇਲੀਆ ਨੇ ਭਾਰਤ 'ਤੇ 207 ਦੌੜਾਂ ਦੀ ਲੀਡ ਲੈ ਲਈ ਹੈ।
ਸਿਰਾਜ ਨੇ ਖ਼ਵਾਜ਼ਾ ਦੀ ਲਈ ਅਹਿਮ ਵਿਕਟ
ਮੁਹੰਮਦ ਸਿਰਾਜ ਨੇ ਇਸ ਮੈਚ ਦੇ ਚੌਥੇ ਦਿਨ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਉਨ੍ਹਾਂ ਨੇ ਇਕ ਸ਼ਾਨਦਾਰ ਗੇਂਦ ਨਾਲ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਦਾ ਕੰਮ ਖਤਮ ਕਰ ਦਿੱਤਾ। ਖ਼ਵਾਜ਼ਾ ਨੂੰ ਸਮਝ ਵੀ ਨਹੀਂ ਆਈ ਕਿ ਕਦੋਂ ਸਿਰਾਜ ਨੇ ਉਨ੍ਹਾਂ ਦੀਆਂ ਗਿੱਲੀਆਂ ਹਵਾ ਵਿੱਚ ਖਿਲਾਰ ਦਿੱਤੀਆਂ।
ਮੁਹੰਮਦ ਸਿਰਾਜ ਆਸਟ੍ਰੇਲੀਆ ਦੀ ਦੂਜੀ ਪਾਰੀ ਦਾ 19ਵਾਂ ਓਵਰ ਸੁੱਟਣ ਆਏ। ਉਨ੍ਹਾਂ ਦੇ ਸਾਹਮਣੇ ਉਸਮਾਨ ਖਵਾਜਾ ਬੱਲੇਬਾਜ਼ੀ ਕਰ ਰਹੇ ਸਨ। ਸਿਰਾਜ ਨੇ ਇਸ ਓਵਰ ਦੀ ਪੰਜਵੀਂ ਗੇਂਦ ਖਵਾਜਾ ਨੂੰ ਆਫ ਸਟੰਪ ਵੱਲ ਸੁੱਟੀ, ਜਿਸ 'ਤੇ ਉਹ ਡਰਾਈਵ ਕਰਨ ਗਏ ਪਰ ਗੇਂਦ ਡਿੱਗਣ ਤੋਂ ਬਾਅਦ ਇਨਸਵਿੰਗ ਹੋ ਗਈ। ਸਿਰਾਜ ਦੀ ਤੇਜ਼ ਗੇਂਦ ਬੱਲੇ ਅਤੇ ਪੈਡ ਦੇ ਵਿਚਕਾਰੋਂ ਲੰਘ ਕੇ ਸਿੱਧੀ ਸਟੰਪ ਤੱਕ ਗਈ ਅਤੇ ਖਵਾਜਾ ਦੀਆਂ ਵਿਕਟਾਂ ਨੂੰ ਖਿਲਾਰ ਦਿੱਤਾ।
ਮੁਹੰਮਦ ਸਿਰਾਜ ਨੇ ਉਸਮਾਨ ਖਵਾਜਾ ਨੂੰ ਕਲੀਨ ਬੋਲਡ ਕਰਨ ਤੋਂ ਬਾਅਦ ਮੈਲਬੌਰਨ ਵਿੱਚ ਜ਼ੋਰਦਾਰ ਜਸ਼ਨ ਮਨਾਇਆ। ਉਨ੍ਹਾਂ ਨੇ ਮੂੰਹ 'ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਐਮਸੀਜੀ ਡੀਐਸਪੀ, ਡੀਐਸਪੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅਤੇ ਹੁਣ ਭਾਰਤ ਨੂੰ ਹੋਰ ਵਿਕਟਾਂ ਲੈਣ ਦੀ ਉਮੀਦ ਹੋਵੇਗੀ। ਜੇਕਰ ਟੀਮ ਇੰਡੀਆ ਨੂੰ ਇੱਥੋਂ ਮੈਚ ਜਿੱਤਣਾ ਹੈ ਤਾਂ ਆਸਟ੍ਰੇਲੀਆ ਟੀਮ ਨੂੰ ਜਲਦੀ ਆਊਟ ਕਰਨਾ ਪਵੇਗਾ।