ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੇ ਹੁਣ ਤੱਕ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਹੈ। MI ਨੂੰ ਹੁਣ ਤੱਕ 3 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਅਜੇ ਤੱਕ ਆਪਣੀ ਪਹਿਲੀ ਜਿੱਤ ਹਾਸਲ ਨਹੀਂ ਕਰ ਸਕੀ ਹੈ। ਹੁਣ ਟੀਮ ਨੂੰ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਟੀਮ ਦੇ ਸਭ ਤੋਂ ਵਿਸਫੋਟਕ ਅਤੇ ਭਰੋਸੇਮੰਦ ਖਿਡਾਰੀ 'ਤੇ ਹੋਵੇਗੀ, ਜੋ ਲੰਬੇ ਸਮੇਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕੀਤੀ ਹੈ। ਮੁੰਬਈ ਇੰਡੀਅਨਜ਼ ਦਾ ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਸੂਰਿਆਕੁਮਾਰ ਯਾਦਵ ਹੈ।
ਨੈੱਟ ਉੱਤੇ ਅਭਿਆਸ ਜਾਰੀ :ਸੂਰਿਆਕੁਮਾਰ ਯਾਦਵ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਕੈਂਪ 'ਚ ਸ਼ਾਮਲ ਹੋਏ। ਇਸ ਤੋਂ ਬਾਅਦ ਉਸ ਨੇ ਕੱਲ੍ਹ ਹੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੂਰਿਆ ਨੈੱਟ 'ਤੇ ਕਾਫੀ ਪਸੀਨਾ ਵਹਾਉਂਦੇ ਨਜ਼ਰ ਆਏ। MI ਨੇ ਇਸ ਅਭਿਆਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਐਕਸ 'ਤੇ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ ਸੂਰਿਆ ਨੈੱਟ 'ਤੇ ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਪਸੰਦੀਦਾ ਸ਼ਾਟ ਖੇਡਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ, ਉਹ ਮੈਦਾਨ 'ਤੇ ਅਭਿਆਸ ਸੈਸ਼ਨ ਦੌਰਾਨ ਦੌੜਦੇ ਅਤੇ ਕੈਚ ਕਰਦੇ ਵੀ ਨਜ਼ਰ ਆਏ।