ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਦੂਜਾ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਇੰਗਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ। ਹੁਣ ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 166 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ ਅਤੇ ਸੀਰੀਜ਼ 'ਚ 2-0 ਦੀ ਬੜ੍ਹਤ ਹਾਸਲ ਕਰਨੀ ਹੋਵੇਗੀ।
ਇੰਗਲੈਂਡ ਨੇ ਭਾਰਤ ਨੂੰ 166 ਦੌੜਾਂ ਦਾ ਦਿੱਤਾ ਟੀਚਾ
ਇਸ ਮੈਚ ਵਿੱਚ ਫਿਲ ਸਾਲਟ ਅਤੇ ਬੇਨ ਡਕੇਟ ਇੰਗਲੈਂਡ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ। ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ ਫਲਾਪ ਸਾਬਤ ਹੋਏ। ਸਾਲਟ 4 ਦੌੜਾਂ ਅਤੇ ਡਕੇਟ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹੈਰੀ ਬਰੂਕ ਅਤੇ ਲਿਆਮ ਲਿਗਿੰਸਟਨ ਨੇ 13-13 ਦੌੜਾਂ ਦਾ ਯੋਗਦਾਨ ਪਾਇਆ। ਜੈਮੀ ਸਮਿਥ ਨੇ 22, ਜੈਮੀ ਓਵਰਟਨ ਨੇ 5, ਆਦਿਲ ਰਾਸ਼ਿਦ ਨੇ 10, ਜੋਫਰਾ ਆਰਚਰ ਨੇ 12* ਅਤੇ ਮਾਰਕ ਵੁੱਡ ਨੇ 5* ਦੌੜਾਂ ਦਾ ਯੋਗਦਾਨ ਪਾਇਆ।
ਬਟਲਰ ਅਤੇ ਕਾਰਸੇ ਨੇ ਖੇਡੀ ਸ਼ਾਨਦਾਰ ਪਾਰੀ
ਇਸ ਮੈਚ 'ਚ ਇਕ ਵਾਰ ਫਿਰ ਇੰਗਲੈਂਡ ਲਈ ਕਪਤਾਨ ਜੋਸ ਬਟਲਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਨ੍ਹਾਂ ਨੇ ਭਾਰਤੀ ਗੇਂਦਬਾਜ਼ਾਂ 'ਤੇ ਫਿਰ ਹਮਲਾ ਕੀਤਾ ਅਤੇ 30 ਗੇਂਦਾਂ 'ਤੇ 2 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇੰਗਲੈਂਡ ਲਈ ਹੇਠਲੇ ਕ੍ਰਮ 'ਤੇ ਆਉਂਦੇ ਹੋਏ ਬ੍ਰੇਡਨ ਕਾਰਸੇ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਉਦੋਂ ਦੌੜਾਂ ਬਣਾਈਆਂ ਜਦੋਂ ਉਨ੍ਹਾਂ ਦੀ ਟੀਮ ਨੂੰ ਸਭ ਤੋਂ ਵੱਧ ਦੌੜਾਂ ਦੀ ਲੋੜ ਸੀ, ਪਰ ਉਹ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਕਾਰਸੇ ਨੇ 17 ਗੇਂਦਾਂ 'ਤੇ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਦੀ ਪਾਰੀ ਖੇਡੀ।
ਇਨ੍ਹਾਂ ਗੇਂਦਬਾਜ਼ਾਂ ਨੇ ਸਭ ਤੋਂ ਵੱਧ ਵਿਕਟਾਂ ਲਈਆਂ
ਇਸ ਦੇ ਚੱਲਦੇ ਇੰਗਲੈਂਡ ਦੀ ਟੀਮ 165 ਦੌੜਾਂ ਹੀ ਬਣਾ ਸਕੀ। ਭਾਰਤ ਲਈ ਵਰੁਣ ਚੱਕਰਵਰਤੀ ਨੇ 4 ਓਵਰਾਂ 'ਚ 38 ਦੌੜਾਂ ਦੇ ਕੇ 2 ਵਿਕਟਾਂ ਅਤੇ ਅਕਸ਼ਰ ਪਟੇਲ ਨੇ 4 ਓਵਰਾਂ 'ਚ 32 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਅਰਸ਼ਦੀਪ ਸਿੰਘ, ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ 1-1 ਵਿਕਟ ਲਿਆ।