ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਡਿਸਪੈਂਸਰੀਆਂ ਅਤੇ ਸੁਵਿਧਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਬਦਲਣ ਮਗਰੋਂ ਕੇਂਦਰ ਸਰਕਾਰ ਨੇ ਫੰਡ ਰੋਕੇ ਸਨ। ਕੇਂਦਰ ਤੋਂ 650 ਕਰੋੜ ਦੇ ਫੰਡ ਜਾਰੀ ਕਰਵਾਉਣ ਲਈ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ 242 ਆਮ ਆਦਮੀ ਕਲੀਨਿਕਾਂ ਅਤੇ 2669 ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਨਾਮ ਬਦਲਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਕੇਂਦਰ ਆਯੁਸ਼ਮਾਨ ਅਰੋਗਿਆ ਕੇਂਦਰ ਵਜੋਂ ਜਾਣੇ ਜਾਣਗੇ। ਸੂਬਾ ਸਰਕਾਰ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਸਿਹਤ ਕੇਂਦਰਾਂ ਦਾ ਨਾਮ ਬਦਲਣ ਦਾ ਫ਼ੈਸਲਾ ਕੀਤਾ। ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਇਨ੍ਹਾਂ ਕੇਂਦਰਾਂ ਨੂੰ ਨਵੇਂ ਨਾਵਾਂ ਨਾਲ ਬਰਾਂਡਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਕੇਂਦਰਾਂ ਦੇ ਬੋਰਡ ਬਦਲਣ ਲਈ ਸਰਕਾਰ ਨੇ ਫੰਡ ਵੀ ਜਾਰੀ ਕਰ ਦਿੱਤੇ ਹਨ। ਹੁਣ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਬੋਰਡਾਂ 'ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਰੋਗਯ ਪਰਮਮ ਧਾਨਮ ਦੀ ਟੈਗਲਾਈਨ ਨਾਲ ਅਯੁਸ਼ਮਾਨ ਹੈਲਥ ਸੈਂਟਰ ਲਿਖਿਆ ਜਾਵੇਗਾ।
ਆਪ ਸਰਕਾਰ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਇਆ ਸੀ ਕਿ ਮੁਹੱਲਾ ਕਲੀਨਿਕਾਂ ਦਾ ਕੰਮ ਰੋਕਣ ਲਈ ਐਨਐਚਐਮ ਤਹਿਤ 650 ਕਰੋੜ ਅਤੇ ਵਿਸ਼ੇਸ਼ ਸਹਾਇਤਾ ਤਹਿਤ ਮਿਲਣ ਵਾਲੇ 1100 ਕਰੋੜ ਦੀ ਗਰਾਂਟ, ਸਰਕਾਰ ਨੇ ਰੋਕ ਦਿੱਤੀ ਸੀ। ਹਾਲ ਹੀ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਰਮਿਆਨ ਸਹਿਮਤੀ ਬਣੀ ਹੈ। ਜਿਸ ਵਿੱਚ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਵੱਲੋਂ ਫੰਡ ਦਿੱਤੇ ਜਾਂਦੇ ਹਨ, ਉਨ੍ਹਾਂ ਦੇ ਨਾਮ ਬਦਲੇ ਜਾਣਗੇ ਪਰ ਸੂਬਾ ਸਰਕਾਰ ਵੱਲੋਂ ਨਿੱਜੀ ਫੰਡਾਂ ਨਾਲ ਚਲਾਏ ਜਾਂਦੇ ਮੁਹੱਲਾ ਕਲੀਨਿਕਾਂ ਦੇ ਨਾਮ ਨਹੀਂ ਬਦਲੇ ਜਾਣਗੇ।
ਭਗਵੰਤ ਮਾਨ ਦੀ ਤਸਵੀਰ ਕਾਰਨ ਛਿੜਿਆ ਵਿਵਾਦ
ਮੁਹੱਲਾ ਕਲੀਨਿਕਾਂ ਦੇ ਬੋਰਡਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਈ ਗਈ ਸੀ ਜਿਸ ਕਾਰਨ ਕੇਂਦਰ ਅਤੇ ਸੂਬਾ ਸਰਕਾਰ ਦਰਮਿਆਨ ਵਿਵਾਦ ਛਿੜ ਗਿਆ ਸੀ। ਦਿੱਲੀ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਡਿਸਪੈਂਸਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਬਣਾਏ ਸੁਵਿਧਾ ਕੇਂਦਰਾਂ ਦਾ ਕਾਇਆ ਕਲਪ ਕਰਕੇ ਇਹ ਮੁਹੱਲਾ ਕਲੀਨਿਕ ਬਣਾਏ ਸਨ। ਹੁਣ ਭਗਵੰਤ ਮਾਨ ਦੀ ਤਸਵੀਰ ਵਾਲੇ ਬੋਰਡ ਬਦਲਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿਹਤ ਸੁਸਾਇਟੀਆਂ ਨੂੰ ਸੌਂਪੀ ਗਈ ਹੈ। ਸ਼ਹਿਰੀ ਖੇਤਰਾਂ ਦੇ ਸਾਰੇ 242 ਆਮ ਆਦਮੀ ਕਲੀਨਿਕਾਂ ਅਤੇ 2669 ਸਿਹਤ ਤੇ ਤੰਦਰੁਸਤੀ ਕੇਂਦਰਾਂ (2403 ਸਬ ਕੇਂਦਰ ਅਤੇ 266 ਪ੍ਰਾਇਮਰੀ ਹੈਲਥ ਕੇਂਦਰ) 'ਤੇ ਨਵੇਂ ਬੋਰਡ ਲਾਉਣ ਦਾ ਕੰਮ 15 ਜਨਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਨਵੀਂ ਬਰਾਂਡਿੰਗ ਲਈ ਬੋਰਡ ਦਾ ਡਿਜ਼ਾਇਨ ਵੀ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤਾ ਗਿਆ ਹੈ।