ਰੂਪਨਗਰ: 1984 ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦੇ ਐਲਾਨ ਦੇ ਮਾਮਲੇ ਉੱਤੇ ਆਪਣਾ ਵੱਖ-ਵੱਖ ਸਿਆਸੀ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਜਿੱਥੇ ਅਦਾਲਤ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ, ਉੱਥੇ ਹੀ ਕਾਂਗਰਸ ਉੱਤੇ ਨਿਸ਼ਾਨੇ ਸਾਧੇ।
ਅਦਾਲਤ ਦੇ ਫੈਸਲੇ ਦਾ ਧੰਨਵਾਦ
ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ, "ਕਾਂਗਰਸ ਵਲੋਂ ਸਪੋਂਸਰ ਸਿੱਖ ਦੰਗੇ, ਜੋ 1984 ਵਿੱਚ ਹੋਏ ਸਨ, ਉਸ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਹੈ। ਮੈਂ ਮਾਣਯੋਗ ਅਦਾਲਤ ਦਾ ਧੰਨਵਾਦ ਕਰਦਾ ਹਾਂ, ਕਿ ਆਖਿਰ 1984 ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ।"
ਉਨ੍ਹਾਂ ਕਿਹਾ ਕਿ, ਹਾਲਾਂਕਿ ਪੀੜਤਾਂ ਨੂੰ ਇਨਸਾਫ ਮੰਗਦਿਆਂ ਕਈ ਦਹਾਕੇ ਬੀਤ ਗਏ ਹਨ। ਪਰ, ਆਖਿਰ ਭਾਰਤ ਦੀ ਨਿਆਂ ਪ੍ਰਣਾਲੀ ਅੰਦਰ ਇਨਸਾਫ ਮਿਲਣ ਜਾ ਰਿਹਾ ਹੈ।
'ਹੋਰ ਦੋਸ਼ੀਆਂ ਨੂੰ ਵੀ ਹੋਵੇ ਸਜ਼ਾ'
ਆਪਸ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ, ਉਮੀਦ ਹੈ ਕਿ ਸਿੱਖ ਦੰਗਿਆਂ ਦੇ ਜਿਹੜੇ ਹੋਰ ਵੀ ਦੋਸ਼ੀ ਹਨ, ਉਨ੍ਹਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਹੋਵੇਗੀ।1984 ਸਿੱਖ ਦੰਗਿਆਂ ਦੇ ਮਾਮਲੇ ਜਿਹੜੇ ਹੋਰ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ, ਉਨ੍ਹਾਂ ਵਿੱਚ ਵੀ ਜਲਦ ਇਨਸਾਫ਼ ਮਿਲੇਗਾ।
ਸੱਜਣ ਕੁਮਾਰ ਖਿਲਾਫ ਇਹ ਕਿਹੜਾ ਮਾਮਲਾ, ਕਦੋਂ-ਕੀ ਹੋਇਆ ?
- 1 ਨਵੰਬਰ 1984: ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸੱਜਣ ਕੁਮਾਰ ਖ਼ਿਲਾਫ਼ ਪੰਜਾਬੀ ਬਾਗ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
- 16 ਦਸੰਬਰ 2021: ਪੁਲਿਸ ਜਾਂਚ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਲਤ ਨੇ ਸੱਜਣ ਵਿਰੁੱਧ ਦੋਸ਼ ਆਇਦ ਕੀਤੇ ਸਨ। ਇਸ ਦੌਰਾਨ ਪੀੜਤ ਧਿਰ ਦੇ ਵਕੀਲ ਨੇ ਦਲੀਲ ਦਿੱਤੀ ਸੀ, "ਵਕੀਲ ਨੇ ਕਿਹਾ ਸੀ, ਭੀੜ ਖਤਰਨਾਕ ਹਥਿਆਰਾਂ ਨਾਲ ਸਰਸਵਤੀ ਵਿਹਾਰ ਵਿੱਚ ਦਾਖਲ ਹੋਈ। ਉਨ੍ਹਾਂ ਨੇ ਲੁੱਟਮਾਰ, ਅੱਗਜ਼ਨੀ ਅਤੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਉਹ ਸਿੱਖਾਂ ਦੀਆਂ ਜਾਇਦਾਦਾਂ 'ਤੇ ਹਮਲੇ ਕਰ ਰਹੇ ਸਨ। ਉਹ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈ ਰਹੇ ਸਨ। ਭੀੜ ਨੇ ਜਸਵੰਤ ਦੇ ਘਰ 'ਤੇ ਹਮਲਾ ਕਰ ਦਿੱਤਾ। ਜਸਵੰਤ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਅਤੇ ਫਿਕ ਘਰ ਨੂੰ ਅੱਗ ਲਗਾ ਦਿੱਤੀ ਸੀ।"
- 12 ਫ਼ਰਵਰੀ 2025: ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਫੈਸਲਾ ਸੁਣਾਇਆ - ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਸੱਜਣ ਕੁਮਾਰ ਨਾ ਸਿਰਫ ਭੀੜ ਵਿੱਚ ਸ਼ਾਮਲ ਸੀ, ਬਲਕਿ ਭੀੜ ਦੀ ਅਗਵਾਈ ਵੀ ਕਰ ਰਿਹਾ ਸੀ।
ਕਾਂਗਰਸ ਕੌਂਸਲਰ ਵਜੋਂ ਸਿਆਸੀ ਕਰੀਅਰ ਦੀ ਸ਼ੁਰੂਆਤ ਤੇ ਫਿਰ ਅਸਤੀਫਾ
ਸੱਜਣ ਕੁਮਾਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੌਂਸਲਰ ਵਜੋਂ ਕੀਤੀ ਸੀ। ਜਦੋਂ ਉਹ 1977 ਵਿੱਚ ਪਹਿਲੀ ਵਾਰ ਕੌਂਸਲਰ ਬਣੇ, ਤਾਂ ਉਨ੍ਹਾਂ ਨੂੰ ਉੱਘੇ ਸਮਾਜ ਸੇਵੀ ਗੁਰੂ ਰਾਧਾ ਕਿਸ਼ਨ ਨੇ ਸਹੁੰ ਚੁਕਾਈ। ਉਸ ਸਮੇਂ ਦਿੱਲੀ ਵਿੱਚ ਕਿਸੇ ਕਾਂਗਰਸੀ ਦਾ ਕੌਂਸਲਰ ਬਣਨਾ ਵੱਡੀ ਗੱਲ ਸੀ। ਬਾਅਦ ਵਿੱਚ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਸਾਲ 1980 ਵਿੱਚ ਉਹ ਸੱਤਵੀਂ ਲੋਕ ਸਭਾ ਲਈ ਚੁਣਿਆ ਗਿਆ। 1991 ਵਿੱਚ ਉਹ ਮੁੜ ਲੋਕ ਸਭਾ ਲਈ ਚੁਣਿਆ ਗਿਆ।
ਸਾਲ 2004 ਵਿੱਚ, ਉਸ ਨੇ ਦੇਸ਼ ਵਿੱਚ ਸਭ ਤੋਂ ਵੱਧ 855,543 ਵੋਟਾਂ ਨਾਲ ਜਿੱਤ ਕੇ ਬਾਹਰੀ ਦਿੱਲੀ ਸੀਟ ਜਿੱਤਣ ਦਾ ਰਿਕਾਰਡ ਬਣਾਇਆ। ਉਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇੱਕ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।