ਮੋਗਾ: ਜ਼ਿਲ੍ਹਾ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ਦੇ ਬਾਹਰ 2 ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਦੇ ਮੂੰਹ ਵੀ ਬੰਨ੍ਹੇ ਹੋਏ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਮੋਟਰਸਾਈਕਲ 'ਤੇ ਨਹੀਂ ਲੱਗੀ ਸੀ ਨੰਬਰ ਪਲੇਟ
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਬਲੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ ਪਿੱਛੋਂ 2 ਅਣਪਛਾਤੇ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਘਰ ਦੇ ਬਾਹਰ ਤਿੰਨ ਤੋਂ ਚਾਰ ਗੋਲੀਆਂ ਚਲਾ ਫਰਾਰ ਹੋ ਗਏ। ਉਨ੍ਹਾਂ ਦੇ ਮੋਟਰਸਾਈਕਲ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ ਅਤੇ ਨਾ ਹੀ ਕੋਈ ਪੈਸੇ ਦਾ ਲੈਣ ਦੇਣ ਹੈ। ਮੈਂ ਅਤੇ ਮੇਰਾ ਪੁੱਤਰ ਡੇਢ ਸਾਲ ਪਹਿਲਾਂ ਹੀ ਕੈਨੇਡਾ ਤੋਂ ਵਾਪਿਸ ਆਏ ਹਾਂ ਅਤੇ ਸਾਡਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਹੋਇਆ ਹੈ।
ਪੁਲਿਸ ਨੇ ਮਾਮਲਾ ਕੀਤਾ ਦਰਜ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਡਾਲਾ ਵਿਖੇ 2 ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ। ਇਹ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਟੀਮ ਮੌਕੇ ਉੱਤੇ ਪਹੁੰਚੀ। ਪੀੜਤ ਪਰਿਵਾਰ ਦੇ ਦੱਸਣ ਮਤਾਬਕ ਉਨ੍ਹਾਂ ਨੇ 2 ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੀ ਹੈ। ਅਸੀਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ।