ਹੈਦਰਾਬਾਦ ਡੈਸਕ:ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ 20 ਨਵੰਬਰ ਨੂੰ ਵੋਟਾਂ ਪੈਣਗੀਆਂ, ਜਦਕਿ ਨਤੀਜੇ 23 ਨਵੰਬਰ ਨੂੰ ਐਲ਼ਾਨੇ ਜਾਣਗੇ। ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ ਚੋਣ ਪ੍ਰਚਾਰ ਦਾ ਪੂਰਾ ਜ਼ੋਰ ਲਾਇਆ ਗਿਆ ਹੈ। ਇਹ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਫਿਰ ਇਸ ਤੋਂ ਬਾਅਦ, ਵੋਟਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕਮਰ ਕੱਸ ਲੈਣਗੇ।
ਇਨ੍ਹਾਂ ਵਿੱਚੋਂ ਗਿੱਦੜਬਾਹਾ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ, ਜਦਕਿ ਸੱਤਾਧਿਰ ਪਾਰਟੀ ਦੀ ਗੜ੍ਹ ਮੰਨੀ ਜਾਂਦੀ ਬਰਨਾਲਾ ਸੀਟ ਵੀ ਆਪ ਲਈ ਵੱਕਾਰ ਦਾ ਮਸਲਾ ਬਣੀ ਹੋਈ ਹੈ। ਸਾਰੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਗਿੱਦੜਬਾਹਾ ਤੇ ਬਰਨਾਲਾ ਸੀਟ 'ਤੇ ਟਿਕੀਆਂ ਹੋਈਆਂ ਹਨ।
ਪੰਜਾਬ ਜ਼ਿਮਨੀ ਚੋਣ (ETV Bharat, ਗ੍ਰਾਫਿਕਸ ਟੀਮ) ਗਿੱਦੜਬਾਹਾ ਸੀਟ ਉੱਤੇ ਤਿਕੌਣਾ ਮੁਕਾਬਲਾ
- ਕਾਂਗਰਸ ਦੇ ਮੁੱਖ ਸੰਸਦ ਮੈਂਬਰ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਇੱਥੋਂ ਚੋਣ ਲੜ ਰਹੀ ਹੈ।
- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਦੋ ਵਾਰ ਵਿੱਤ ਮੰਤਰੀ ਰਹੇ ਹਨ, ਜੋ ਭਾਜਪਾ ਦੇ ਉਮੀਦਵਾਰ ਹਨ।
- ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੇ ਬਹੁਤ ਕਰੀਬੀ ਹਰਦੀਪ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ (ਆਪ) ਤੋਂ ਚੋਣ ਲੜ ਰਹੇ ਹਨ।
- ਇਸ ਦੇ ਨਾਲ ਹੀ ਇਸ ਸੀਟ 'ਤੇ ਮਜ਼ਬੂਤ ਰਹਿਣ ਵਾਲਾ ਅਕਾਲੀ ਦਲ ਇਸ ਵਾਰ ਚੋਣ ਨਹੀਂ ਲੜ ਰਿਹਾ ਜਿਸ ਨਾਲ ਉਹ ਵੋਟਾਂ ਕਿਸ ਦੇ ਹਿੱਸੇ ਆਉਣਗੀਆਂ, ਇਹ ਦੇਖਣਾ ਦਿਲਚਸਪ ਰਹੇਗਾ।
ਗਿੱਦੜਬਾਹਾ ਸੀਟ ਤੋਂ ਉਮੀਦਵਾਰ (ETV Bharat, ਗ੍ਰਾਫਿਕਸ ਟੀਮ) ਗਿੱਦੜਬਾਹਾ ਸੀਟ ਦੇ ਸਿਆਸੀ ਸਮੀਕਰਨ
ਗਿੱਦੜਬਾਹਾ ਸੀਟ 2012 ਤੋਂ ਕਾਂਗਰਸ ਕੋਲ ਹੈ। ਕਾਂਗਰਸ ਉਮੀਦਵਾਰ ਦੇ ਪਤੀ ਰਾਜਾ ਵੜਿੰਗ ਲਗਾਤਾਰ ਤਿੰਨ ਵਾਰ ਇੱਥੋਂ ਵਿਧਾਇਕ ਚੁਣੇ ਗਏ। 2022 ਵਿਚ 'ਆਪ' ਦੀ ਲਹਿਰ ਦੇ ਬਾਵਜੂਦ, ਸੀਟ ਵੜਿੰਗ ਨੇ ਜਿੱਤੀ। ਸੌਖੇ ਤਰੀਕੇ ਨਾਲ ਸਮਝੀਏ ਤਾਂ, ਪਿਛਲੀਆਂ 3 ਚੋਣਾਂ ਵਿੱਚ ਇਸ ਸੀਟ ਉੱਤੇ ਕਾਂਗਰਸ ਦਾ ਕਾਬਜ਼ ਰਿਹਾ ਹੈ। ਇਸ ਵਾਰ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਹਨ। ਅਕਾਲੀ ਦਲ ਚੋਣ ਮੈਦਾਨ ਤੋਂ ਬਾਹਰ ਹੈ 1967 ਵਿੱਚ ਇਸ ਸੀਟ ਉੱਤੇ ਹੁਣ ਤੱਕ 14 ਵਾਰ ਚੋਣਾਂ ਹੋਈਆਂ, ਜਿਸ ਵਿੱਚੋਂ 9 ਵਾਰ ਅਕਾਲੀ ਦਲ ਹੀ ਜਿੱਤਿਆ ਹੈ। ਗਿੱਦੜਬਾਹਾ 'ਤੇ ਵੀ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਹੈ। ਪੇਂਡੂ ਖੇਤਰਾਂ ਵਿੱਚ ਡੇਰੇ ਦੇ ਬਹੁਤ ਸਾਰੇ ਪੈਰੋਕਾਰ ਹਨ। ਇਹ ਵੋਟ ਇਕ ਥਾਂ 'ਤੇ ਸਿੱਧੀ ਪਾਈ ਜਾਂਦੀ ਹੈ। ਇਸ ਸੀਟ 'ਤੇ ਡੇਰੇ ਦੇ ਕਰੀਬ 10 ਹਜ਼ਾਰ ਵੋਟਰ ਹੋਣ ਦਾ ਅਨੁਮਾਨ ਹੈ।
ਬਰਨਾਲਾ ਸੀਟ ਤੋਂ ਉਮੀਦਵਾਰ (ETV Bharat, ਗ੍ਰਾਫਿਕਸ ਟੀਮ) ਬਰਨਾਲਾ ਸੀਟ ਵਿੱਚ ਵੀ ਫਸਵਾਂ ਮੁਕਾਬਲਾ
- ਬਰਨਾਲਾ ਸੀਟ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ (ਆਪ) ਦੇ ਕਬਜ਼ੇ ਵਿੱਚ ਹੈ। ਗੁਰਮੀਤ ਮੀਤ ਹੇਅਰ ਦੋਵੇਂ ਵਾਰ ਇੱਥੋਂ ਜਿੱਤੇ ਸਨ, ਜੋ ਹੁਣ ਐਮ.ਪੀ ਬਣ ਚੁੱਕੇ ਹਨ। 'ਆਪ' ਨੇ ਸੀਟ ਮੁੜ ਹਾਸਲ ਕਰਨ ਲਈ ਆਪਣੇ ਕਰੀਬੀ ਦੋਸਤ ਹਰਿੰਦਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ, ਪਰ ਇਸ ਨਾਲ ਪਾਰਟੀ ਵਿੱਚ ਬਗਾਵਤ ਹੋ ਗਈ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਗੁਰਦੀਪ ਬਾਠ ਬਗਾਵਤ ਕਰਕੇ ਚੋਣ ਲੜ ਰਹੇ ਹਨ ਜਿਸ ਕਾਰਨ ‘ਆਪ’ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
- ਭਾਜਪਾ ਨੇ ਦੋ ਵਾਰ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਪਹਿਲਾਂ ਕਾਂਗਰਸ ਵਿੱਚ ਸਨ। ਉਹ ਦੋ ਵਾਰ ਕਾਂਗਰਸ ਦੀ ਟਿਕਟ 'ਤੇ ਜਿੱਤ ਕੇ ਵਿਧਾਇਕ ਬਣ ਚੁੱਕੇ ਹਨ। ਉਹ 2007 ਅਤੇ 2012 ਵਿੱਚ ਬਰਨਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ। ਖੇਤਰ ਵਿੱਚ ਮਜਬੂਤ ਪਕੜ ਹੈ।
- ਕਾਂਗਰਸ ਨੇ ਇੱਥੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਟਿਕਟ ਦਿੱਤੀ ਹੈ। ਢਿੱਲੋਂ ਨੂੰ ਕਾਂਗਰਸ ਵੱਲੋਂ ਨਵੇਂ ਚਿਹਰੇ ਵਜੋਂ ਅਜ਼ਮਾਇਆ ਗਿਆ ਹੈ, ਪਰ ਉਹ ਇਲਾਕੇ ਲਈ ਨਵੇਂ ਨਹੀਂ ਹਨ। ਉਹ ਕਾਂਗਰਸ ਦੇ ਬਰਨਾਲਾ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ ਤੇ ਲੋਕਾਂ ਵਿੱਚ ਵਿਚਰਦੇ ਰਹੇ ਹਨ।
- ਜ਼ਿਕਰਯੋਗ ਹੈ ਕਿ ਬਰਨਾਲਾ ਸੀਟ ਉੱਤੇ ਪਿਛਲੇ 10 ਸਾਲਾਂ ਤੋਂ ਆਪ ਦਾ ਦਬਦਬਾ ਰਿਹਾ ਹੈ। ਇਸ ਸੀਟ ਉੱਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਬਾਕੀ ਨਵੇਂ ਤੇ ਪਹਿਲੇ ਵਾਰ ਚੋਣ ਮੈਦਾਨ ਵਿੱਚ ਹਨ। ਅਕਾਲੀ ਦਲ ਚੋਣ ਨਹੀਂ ਲੜ ਰਿਹਾ। ਅਜਿਹੇ ਵਿੱਚ ਬਰਨਾਲਾ ਦਾ ਵੋਟ ਬੈਂਕ ਕਿਸ ਨੂੰ ਚੁਣੇਗਾ, ਇਹ ਦੇਖਣਯੋਗ ਰਹੇਗਾ। ਇਸ ਸੀਟ ਉੱਤੇ ਵੀ ਡੇਰਾ ਸੱਚਾ ਸੌਦਾ ਵੋਟ ਬੈਂਕ ਦਾ ਅਸਰ ਹੈ।
ਡੇਰਾ ਬਾਬਾ ਨਾਨਕ ਸੀਟ ਤੋਂ ਉਮੀਦਵਾਰ (ETV Bharat, ਗ੍ਰਾਫਿਕਸ ਟੀਮ) ਡੇਰਾ ਬਾਬਾ ਨਾਨਕ ਸੀਟ ਨੂੰ ਬਚਾਉਣ ਵਿੱਚ ਜੁਟੇ ਦਿੱਗਜ
- ਇਸ ਜ਼ਿਮਨੀ ਚੋਣ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਸੀਟ ਸੁਰਖੀਆਂ ਵਿੱਚ ਹੈ। ਇਸ ਦਾ ਕਾਰਨ ਇਹ ਹੈ ਕਿ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਇੱਥੋਂ ਜ਼ਿਮਨੀ ਚੋਣ ਲੜ ਰਹੀ ਹੈ। 'ਆਪ' ਨੇ ਡੇਰਾ ਬਾਬਾ ਨਾਨਕ ਸੀਟ 'ਤੇ ਕਾਂਗਰਸੀ ਸੰਸਦ ਮੈਂਬਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਦੇ ਮੁਕਾਬਲੇ ਪੁਰਾਣੇ ਚਿਹਰੇ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਟਿਕਟ ਦਿੱਤੀ ਹੈ, ਜੋ ਅਕਾਲੀ ਦਲ ਛੱਡ ਕੇ ਸਿਆਸੀ ਦਿੱਗਜ ਕਾਹਲੋਂ ਪਰਿਵਾਰ ਨਾਲ ਸਬੰਧਤ ਹਨ। ਅਕਾਲੀ ਦਲ ਇਸ ਵਾਰ ਜ਼ਿਮਨੀ ਚੋਣ ਨਹੀਂ ਲੜ ਰਿਹਾ।
- ਪਿਛਲੀਆਂ 3 ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਸੀ। ਜਿਸ ਵਿੱਚ ਜਿੱਤ-ਹਾਰ ਦਾ ਅੰਤਰ ਵੀ 400 ਤੋਂ 3 ਹਜ਼ਾਰ ਦਾ ਰਿਹਾ। ਅਕਾਲੀ ਦਲ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਮਿਲ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਅਕਾਲੀ ਦਲ ਦੇ ਵੋਟ ਬੈਂਕ ਦਾ ਝੁਕਾਅ ਫੈਸਲਾਕੁੰਨ ਕਾਰਕ ਹੋ ਸਕਦਾ ਹੈ।
ਚੱਬੇਵਾਲ ਸੀਟ ਤੋਂ ਉਮੀਦਵਾਰ (ETV Bharat, ਗ੍ਰਾਫਿਕਸ ਟੀਮ) ਚੱਬੇਵਾਲ ਸੀਟ ਦੇ ਸਿਆਸੀ ਸਮੀਕਰਨ
- ਚੱਬੇਵਾਲ ਸੀਟ ਉੱਤੇ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਮੰਨਿਆ ਜਾ ਰਿਹਾ ਹੈ। ਆਪ, ਕਾਂਗਰਸ ਅਤੇ ਭਾਜਪਾ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਦਲ-ਬਦਲੂ ਹਨ। ਇੱਥੋਂ ਆਪ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਇਸ਼ਾਂਕ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ਅਤੇ ਭਾਜਪਾ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਮੈਦਾਨ ਵਿੱਚ ਉਤਾਰਿਆ ਹੈ।
- ਇਸ਼ਾਂਕ ਨੇ ਅਜੇ ਸਿਆਸੀ ਪਿੜ ਵਿੱਚ ਪੈਰ ਧਰਿਆ ਹੈ। ਜਦਕਿ ਰਣਜੀਤ ਸਿੰਘ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਤੋਂ ਕਾਂਗਰਸ ਅਤੇ ਠੰਡਲ ਅਕਾਲੀ ਦਲ ਤੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਭਾਵੇਂ ਚੋਣ ਮੈਦਾਨ ਵਿੱਚ ਨਾ ਆਵੇ ਪਰ ਜਿੱਤ-ਹਾਰ ਵਿੱਚ ਉਨ੍ਹਾਂ ਦੇ ਵੋਟ ਬੈਂਕ ਦੀ ਭੂਮਿਕਾ ਅਹਿਮ ਹੋਵੇਗੀ।
- ਪਿਛਲੀਆਂ 3 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੋ ਵਾਰ ਅਤੇ ਅਕਾਲੀ ਦਲ ਇੱਕ ਵਾਰ ਜਿੱਤਿਆ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੇ ਜਿੱਤੀਆਂ ਸਨ। ਜਿਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ 'ਤੇ ਡਾ: ਰਾਜਕੁਮਾਰ ਚੱਬੇਵਾਲ (ਹੁਣ 'ਆਪ' ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ) ਨੇ ਭਾਜਪਾ-ਅਕਾਲੀ ਗਠਜੋੜ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ ਹਰਾਇਆ ਸੀ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਰਾਜਕੁਮਾਰ ਚੱਬੇਵਾਲ ਮੁੜ ਕਾਂਗਰਸ ਦੀ ਟਿਕਟ 'ਤੇ ਜਿੱਤੇ ਸਨ। ਉਨ੍ਹਾਂ ‘ਆਪ’ ਦੇ ਹਰਮਿੰਦਰ ਸਿੰਘ ਸੰਧੂ ਨੂੰ ਹਰਾਇਆ।
ਹੁਣ 20 ਨਵੰਬਰ ਨੂੰ ਵੋਟਰ ਆਪਣੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਲਾਕ ਕਰਨਗੇ ਅਤੇ 23 ਨਵੰਬਰ ਨੂੰ ਇਹੀ ਕਿਸਮਤ ਦਾ ਪਿਟਾਰਾ ਖੁੱਲ੍ਹੇਗਾ, ਜੋ ਕਿ ਦੇਖਣਾ ਬੇਹਦ ਦਿਲਚਸਪ ਰਹੇਗਾ।